ਸ਼ਿਮਲਾ : ਇੱਥੋਂ ਦੇ ਚੰਬਾ ਜ਼ਿਲ੍ਹੇ ਵਿੱਚ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 150 ਪਸ਼ੂ ਪਾਣੀ ਵਿਚ ਵਹਿ ਗਏ।
ਮੌਸਮ ਵਿਭਾਗ ਨੇ ਕਿਹਾ ਕਿ ਸ਼ਨਿਚਰਵਾਰ ਸ਼ਾਮ 5 ਵਜੇ ਤੋਂ 24 ਘੰਟਿਆਂ ਵਿੱਚ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਨੇਰੀ ਵਿੱਚ 44.5 ਮਿਲੀਮੀਟਰ, ਜੋਤ (37 ਮਿਲੀਮੀਟਰ), ਨਗਰੋਟਾ ਸੂਰੀਆਂ (24.8 ਮਿਲੀਮੀਟਰ), ਨਾਰਕੰਡਾ (25 ਮਿਲੀਮੀਟਰ), ਭਰਮੌਰ (22 ਮਿਲੀਮੀਟਰ), ਸੁਜਾਨਪੁਰ ਤੀਰਾ (21.6 ਮਿਲੀਮੀਟਰ), ਮੰਡੀ (20.4 ਮਿਲੀਮੀਟਰ) ਅਤੇ ਰੋਹੜੂ (20 ਮਿਲੀਮੀਟਰ) ਵਿੱਚ ਮੀਂਹ ਪਿਆ। ਕੁਫਰੀ, ਸ਼ਿਮਲਾ, ਚੰਬਾ, ਕਾਂਗੜਾ, ਡਲਹੌਜ਼ੀ, ਮਨਾਲੀ ਅਤੇ ਧਰਮਸ਼ਾਲਾ ਦੇ ਸੈਰ-ਸਪਾਟਾ ਖੇਤਰਾਂ ਵਿੱਚ ਵੀ ਮੀਂਹ ਪਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਿੰਡ ਚੇਲੀ ਨੇੜੇ ਪਾਣੀ ਭਰਨ ਕਾਰਨ ਵਿਅਕਤੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਸ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਸ ਦੌਰਾਨ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਗੜੇਮਾਰੀ ਹੋਈ। ਰਿਕੌਂਗ ਪੀਓ, ਬਿਲਾਪਸੂਰ ਅਤੇ ਨੇਰੀ ਵਿੱਚ ਤੇਜ਼ ਹਵਾਵਾਂ ਚੱਲੀਆਂ ਜਦੋਂ ਕਿ ਕੋਟਗੜ੍ਹ ਅਤੇ ਉੱਪਰੀ ਸ਼ਿਮਲਾ ਖੇਤਰ ਦੇ ਹੋਰ ਹਿੱਸਿਆਂ ਵਿੱਚ ਗੜੇਮਾਰੀ ਹੋਈ। ਕਾਂਗੜਾ, ਪਾਲਮਪੁਰ, ਬੈਜਨਾਥ, ਜੁਬਾਰਹੱਟੀ, ਜੋਤ ਅਤੇ ਸੁੰਦਰਨਗਰ ਵਿੱਚ ਵੀ ਹਨੇਰੀ ਆਈ।
ਮੌਸਮ ਵਿਭਾਗ ਨੇ 8 ਮਈ ਤੱਕ ਸੂਬੇ ਭਰ ਵਿੱਚ ਬਿਜਲੀ ਲਿਸ਼ਕਣ ਅਤੇ 30-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਲਈ ਓਰੈਂਜ ਤੇ ਯੈਲੋ ਅਲਰਟ ਜਾਰੀ ਕੀਤਾ ਹੈ। ਲਾਹੌਲ ਅਤੇ ਸਪਿਤੀ ਵਿੱਚ ਕੀਲੌਂਗ ਰਾਜ ਵਿੱਚ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਰਾਤ ਦਾ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।