ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਅੱਜ ਮੋਹਲੇਧਾਰ ਮੀਂਹ ਪਿਆ ਤੇ ਗੜੇਮਾਰੀ ਹੋਈ। ਮੌਸਮ ’ਚ ਬਦਲਾਅ ਕਾਰਨ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ ਅਤੇ ਗਰਮੀ ਘਟੀ ਹੈ ਪਰ ਇਸ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਭਿੱਜ ਗਈ। ਕਈ ਥਾਵਾਂ ’ਤੇ ਵਾਧੂ ਮੀਂਹ ਪੈਣ ਕਾਰਨ ਮੰਡੀਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਬਠਿੰਡਾ ਅਤੇ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਗੜੇਮਾਰੀ ਵੀ ਹੋਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਰੋਪੜ ਇਲਾਕੇ ਵਿੱਚ ਵੀ ਮੀਂਹ ਪਿਆ ਹੈ। ਉਧਰ ਮੌਸਮ ਵਿਭਾਗ ਨੇ ਪੰਜਾਬ ਵਿੱਚ ਪੂਰਾ ਹਫ਼ਤਾ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 5 ਮਈ ਨੂੂੰ ਓਰੇਂਜ ਅਲਰਟ ਅਤੇ ਅਗਲੇ 4-5 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਅਤੇ ਮੀਂਹ ਵੀ ਪੈ ਸਕਦਾ ਹੈ। ਦੂਜੇ ਪਾਸੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਕਰਕੇ ਬਿਜਲੀ ਦੀ ਮੰਗ ਵਧ ਗਈ ਸੀ ਪਰ ਮੀਂਹ ਪੈਣ ਕਾਰਨ ਹੁਣ ਮੰਗ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰੋਪੜ ਵਿੱਚ 17.5 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 7.4 ਐੱਮਐੱਮ, ਅੰਮ੍ਰਿਤਸਰ ਵਿੱਚ 5 ਐੱਮਐੱਮ, ਲੁਧਿਆਣਾ ਵਿੱਚ 1 ਐੱਮਐੱਮ, ਪਠਾਨਕੋਟ ਵਿੱਚ 8 ਐੱਮਐੱਮ ਅਤੇ ਫਿਰੋਜ਼ਪੁਰ ਵਿੱਚ 1.5 ਐੱਮਐੱਮ ਮੀਂਹ ਪਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਸ਼ਾਮ ਸਮੇਂ ਸ਼ੁਰੂ ਹੋਇਆ ਮੀਂਹ ਦੇਰ ਰਾਤ ਤੱਕ ਰੁੱਕ-ਰੁੱਕ ਕੇ ਪੈਂਦਾ ਰਿਹਾ।
ਮੰਡੀਆਂ ਵਿੱਚ 122.83 ਲੱਖ ਟਨ ਕਣਕ ਪਹੁੰਚੀ
ਪੰਜਾਬ ਦੀਆਂ ਮੰਡੀਆਂ ਵਿੱਚ 122.83 ਲੱਖ ਟਨ ਕਣਕ ਪਹੁੰਚ ਚੁੱਕੀ ਹੈ, ਜਿਸ ਵਿੱਚੋਂ ਸੂਬਾ ਸਰਕਾਰ ਨੇ 121.48 ਲੱਖ ਟਨ ਕਣਕ ਦੀ ਖ਼ਰੀਦ ਕਰ ਲਈ ਹੈ। ਜਾਣਕਾਰੀ ਮੁਤਾਬਕ ਪੰਜਾਬ ਦੀਆਂ ਮੰਡੀਆਂ ਵਿੱਚ ਅੱਜ 1.32 ਲੱਖ ਟਨ ਕਣਕ ਦੀ ਆਮਦ ਹੋਈ ਹੈ। ਸੂਬੇ ਦੀਆਂ ਮੰਡੀਆਂ ਵਿੱਚੋਂ 67.62 ਲੱਖ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਹਾਲੇ ਵੀ 56 ਲੱਖ ਟਨ ਦੇ ਕਰੀਬ ਕਣਕ ਮੰਡੀਆਂ ਵਿੱਚ ਪਈ ਹੈ।