ਹਮਾਸ ਵੱਲੋਂ ਅਮਰੀਕੀ-ਇਜ਼ਰਾਇਲੀ ਬੰਦੀ ਰਿਹਾਅ

ਹਮਾਸ ਵੱਲੋਂ ਅਮਰੀਕੀ-ਇਜ਼ਰਾਇਲੀ ਬੰਦੀ ਰਿਹਾਅ

ਦੀਰ ਅਲ-ਬਲਾਹ : 19 ਮਹੀਨਿਆਂ ਤੋਂ ਗਾਜ਼ਾ ਪੱਟੀ ’ਚ ਬੰਦੀ ਬਣਾ ਕੇ ਰੱਖੇ ਅਮਰੀਕੀ-ਇਜ਼ਰਾਇਲੀ ਫੌਜੀ ਈਡਨ ਅਲੈਗਜ਼ੈਂਡਰ ਨੂੰ ਅੱਜ ਹਮਾਸ ਨੇ ਰਿਹਾਅ ਕਰ ਦਿੱਤਾ। ਟਰੰਪ ਪ੍ਰਸ਼ਾਸਨ ਪ੍ਰਤੀ ਸਦਭਾਵਨਾਪੂਰਨ ਸੰਕੇਤ ਦਿੰਦਿਆਂ ਹਮਾਸ ਨੇ ਕਿਹਾ ਕਿ ਅਜਿਹੇ ਕਦਮ ਨਾਲ ਇਜ਼ਰਾਈਲ ਨਾਲ ਨਵੀਂ ਜੰਗਬੰਦੀ ਦੀ ਨੀਂਹ ਰੱਖੀ ਜਾ ਸਕਦੀ ਹੈ। ਅਲੈਗਜ਼ੈਂਡਰ ਨੂੰ ਰੈੱਡਕ੍ਰਾਸ ਹਵਾਲੇ ਕੀਤਾ ਗਿਆ ਹੈ। ਉਸ ਨੂੰ 7 ਅਕਤੂਬਰ, 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਦੱਖਣੀ ਇਜ਼ਰਾਈਲ ’ਚ ਮਿਲਟਰੀ ਅੱਡੇ ਤੋਂ ਅਗ਼ਵਾ ਕਰ ਲਿਆ ਗਿਆ ਸੀ। ਉਸ ਦੇ ਪਰਿਵਾਰਕ ਮੈਂਬਰ ਰੀਮ ਫੌਜੀ ਅੱਡੇ ’ਤੇ ਪਹੁੰਚ ਗਏ ਸਨ ਜਿਥੇ ਅਲੈਗਜ਼ੈਂਡਰ ਨੂੰ ਸਭ ਤੋਂ ਪਹਿਲਾਂ ਲਿਜਾਇਆ ਗਿਆ।

ਇਸੇ ਦੌਰਾਨ ਗਾਜ਼ਾ ਪੱਟੀ ’ਚ ਸਕੂਲ ’ਚ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਹਮਲੇ ’ਚ 16 ਵਿਅਕਤੀ ਮਾਰੇ ਗਏ। ਗਾਜ਼ਾ ਸਿਹਤ ਮੰਤਰਾਲੇ ਦੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਜਬਾਲੀਆ ਇਲਾਕੇ ਦੇ ਸਕੂਲ ’ਤੇ ਹਮਲੇ ’ਚ ਪੰਜ ਬੱਚੇ ਅਤੇ ਚਾਰ ਔਰਤਾਂ ਵੀ ਮਾਰੀਆਂ ਗਈਆਂ। ਹਮਲੇ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਊਦੀ ਅਰਬ, ਕਤਰ ਅਤੇ ਯੂਏਈ ਦੇ ਦੌਰੇ ’ਤੇ ਆ ਰਹੇ ਹਨ। ਉਧਰ ਇਜ਼ਰਾਈਲ ਵੱਲੋਂ ਗਾਜ਼ਾ ਦੀ ਘੇਰਾਬੰਦੀ ਕਾਰਨ ਉਥੇ ਅਕਾਲ ਵਰਗੇ ਹਾਲਾਤ ਬਣ ਗਏ ਹਨ। ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਮੱਗਰੀ ਨਾ ਪਹੁੰਚਣ ਕਾਰਨ ਆਮ ਫਲਸਤੀਨੀਆਂ ਦੇ ਨਾਲ ਨਾਲ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ’ਤੇ ਜ਼ਿਆਦਾ ਅਸਰ ਪੈ ਰਿਹਾ ਹੈ।

Share: