ਪਾਕਿਸਤਾਨ ਨੇ ਪਾਇਲਟ ਦੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਅਪੀਲ ਠੁਕਰਾਈ

ਪਾਕਿਸਤਾਨ ਨੇ ਪਾਇਲਟ ਦੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਅਪੀਲ ਠੁਕਰਾਈ

ਨਵੀਂ ਦਿੱਲੀ/ਮੁੰਬਈ : ਬੁੱਧਵਾਰ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨ ਵਾਲੀ ਦਿੱਲੀ-ਸ੍ਰੀਨਗਰ ਉਡਾਣ ਨੂੰ ਚਲਾਉਣ ਵਾਲੇ ਇੰਡੀਗੋ ਪਾਇਲਟ ਨੇ ਸ਼ੁਰੂ ਵਿੱਚ ਲਾਹੌਰ ਏਅਰ ਟਰੈਫਿਕ ਕੰਟਰੋਲ ਤੋਂ ਗੜਬੜ ਤੋਂ ਬਚਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਪਰ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਫਲਾਈਟ 6E 2142 ਦੇ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਦੀ ਘਟਨਾ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਵੱਲੋਂ ਕੀਤੀ ਜਾ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਸਣੇ 220 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਉਡਾਣ ਨੂੰ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਪਾਇਲਟ ਨੇ ਸ੍ਰੀਨਗਰ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਨਿਯੰਤਰਣ ਨੂੰ ‘ਐਮਰਜੈਂਸੀ’ ਦੀ ਰਿਪੋਰਟ ਦਿੱਤੀ, ਜਿਸ ਮਗਰੋਂ ਉਡਾਣ ਬੁੱਧਵਾਰ ਨੂੰ ਸੁਰੱਖਿਅਤ ਉਤਾਰੀ ਗਈ ਸੀ। ਜਦੋਂ ਜਹਾਜ਼ ਅੰਮ੍ਰਿਤਸਰ ਤੋਂ ਉੱਡ ਰਿਹਾ ਸੀ ਤਾਂ ਪਾਇਲਟ ਨੇ ਅਚਾਨਕ ਝੱਖੜ ਦੇ ਮੱਦੇਨਜ਼ਰ ਬੁੱਧਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਲੰਘਣ ਲਈ ਲਾਹੌਰ ਏਅਰ ਟਰੈਫਿਕ ਕੰਟਰੋਲ (ATC) ਦੀ ਇਜਾਜ਼ਤ ਮੰਗੀ। ਸੂਤਰਾਂ ਨੇ ਦੱਸਿਆ ਕਿ ਇਹ ਬੇਨਤੀ ਗੜਬੜ ਤੋਂ ਬਚਣ ਲਈ ਕੀਤੀ ਗਈ ਸੀ ਪਰ ਲਾਹੌਰ ਏਟੀਸੀ ਨੇ ਇਸ ਨੂੰ ਰੱਦ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਨਤੀਜੇ ਵਜੋਂ ਜਹਾਜ਼ ਅਸਲ ਉਡਾਣ ਮਾਰਗ ‘ਤੇ ਚੱਲਿਆ, ਜਿੱਥੇ ਇਸ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਿਆ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਹਵਾਈ ਖੇਤਰ ਭਾਰਤੀ ਜਹਾਜ਼ਾਂ ਲਈ ਬੰਦ ਹੈ। ਭਾਰਤ ਨੇ ਪਾਕਿਸਤਾਨੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਵੀ ਬੰਦ ਕਰ ਦਿੱਤਾ ਹੈ। ਬੁੱਧਵਾਰ ਨੂੰ ਇੱਕ ਬਿਆਨ ਵਿੱਚ IndiGo ਨੇ ਕਿਹਾ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਉਸਦੀ ਉਡਾਣ 6E 2142 ਨੂੰ ਰਾਹ ਵਿੱਚ ਅਚਾਨਕ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ। ਬਿਆਨ ਵਿੱਚ ਕਿਹਾ ਗਿਆ, ‘‘ਉਡਾਣ ਅਤੇ ਕੈਬਿਨ ਕਰੂ ਨੇ ਸਥਾਪਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਸ੍ਰੀਨਗਰ ਵਿੱਚ ਸੁਰੱਖਿਅਤ ਉਤਰਿਆ। ਹਵਾਈ ਅੱਡੇ ਦੀ ਟੀਮ ਨੇ ਜਹਾਜ਼ ਦੇ ਪਹੁੰਚਣ ਤੋਂ ਬਾਅਦ ਯਾਤਰੀਆਂ ਦੀ ਦੇਖਭਾਲ ਕੀਤੀ, ਉਨ੍ਹਾਂ ਦੀ ਤੰਦਰੁਸਤੀ ਅਤੇ ਆਰਾਮ ਨੂੰ ਤਰਜੀਹ ਦਿੱਤੀ ਗਈ। ਜ਼ਰੂਰੀ ਨਿਰੀਖਣ ਅਤੇ ਰੱਖ-ਰਖਾਅ ਤੋਂ ਬਾਅਦ ਜਹਾਜ਼ ਨੂੰ ਛੱਡ ਦਿੱਤਾ ਜਾਵੇਗਾ।’’ ਤ੍ਰਿਣਮੂਲ ਕਾਂਗਰਸ ਦਾ ਪੰਜ ਮੈਂਬਰੀ ਵਫ਼ਦ ਜਿਸ ਵਿੱਚ ਡੇਰੇਕ ਓ’ਬ੍ਰਾਇਨ Derek O’Brien, ਨਦੀਮੁਲ ਹੱਕ Nadimul Haque, ਸਾਗਰਿਕਾ ਘੋਸ਼ Sagarika Ghose, ਮਾਨਸ ਭੂਨੀਆ Manas Bhunia ਅਤੇ ਮਮਤਾ ਠਾਕੁਰ Mamata Thakur ਸ਼ਾਮਲ ਸਨ, ਉਡਾਣ ਵਿੱਚ ਸਨ। ਘੋਸ਼ ਨੇ ਬੁੱਧਵਾਰ ਨੂੰ ਕਿਹਾ, ‘‘ਮੈਨੂੰ ਮੌਤ ਕੋਲੋਂ ਖਹਿ ਕੇ ਲੰਘਣ ਦਾ ਤਜਰਬਾ ਹੋਇਆ। ਮੈਨੂੰ ਲੱਗਿਆ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ। ਲੋਕ ਚੀਕ ਰਹੇ ਸਨ, ਪ੍ਰਾਰਥਨਾ ਕਰ ਰਹੇ ਸਨ ਅਤੇ ਘਬਰਾ ਰਹੇ ਸਨ।’’ ਵਫ਼ਦ ਨੇ ਲੈਂਡਿੰਗ ਤੋਂ ਬਾਅਦ ਪਾਇਲਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਪਾਇਲਟ ਨੂੰ ਸਲਾਮ, ਜਿਸ ਨੇ ਸਾਨੂੰ ਇਸ ਸਭ ਵਿੱਚੋਂ ਬਚਾਇਆ। ਜਦੋਂ ਅਸੀਂ ਉਤਰੇ ਤਾਂ ਅਸੀਂ ਦੇਖਿਆ ਕਿ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ।’’

Share: