ਦੀਰ ਅਲ-ਬਲਾਹ : ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਇਲੀ ਹਮਲਿਆਂ ਦੌਰਾਨ ਸਕੂਲ ’ਚ ਪਨਾਹ ਲਈ ਬੈਠੇ 36 ਵਿਅਕਤੀਆਂ ਸਣੇ ਘੱਟੋ-ਘੱਟ 52 ਵਿਅਕਤੀ ਮਾਰੇ ਗਏ। ਸਕੂਲ ਵਿਚਲੇ ਪਨਾਹਗੀਰ ਹਮਲਾ ਹੋਣ ਵੇਲੇ ਸੁੱਤੇ ਹੋਏ ਸਨ ਅਤੇ ਹਮਲੇ ਕਾਰਨ ਉਨ੍ਹਾਂ ਦੇ ਸਮਾਨ ’ਚ ਅੱਗ ਲੱਗ ਗਈ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ’ਚ ਸਾਜ਼ਿਸ਼ ਘੜ ਰਹੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਵੱਲੋਂ ਹਮਾਸ ਨਾਲ ਗੋਲੀਬੰਦੀ ਖਤਮ ਕਰਨ ਮਗਰੋਂ ਮਾਰਚ ਮਹੀਨੇ ਤੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਐਮਰਜੈਂਸੀ ਸਰਵਿਸ ਮੰਤਰਾਲੇ ਦੇ ਮੁਖੀ ਫਾਹਮੀ ਅਵਦ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਦੇ ਦੁਰੇਡੇ ਇਲਾਕੇ ’ਚ ਸਕੂਲ ’ਤੇ ਹੋਏ ਹਮਲੇ ’ਚ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ’ਚ ਇੱਕ ਵਿਅਕਤੀ ਤੇ ਉਸ ਦੇ ਪੰਜ ਬੱਚੇ ਵੀ ਸ਼ਾਮਲ ਹਨ। ਗਾਜ਼ਾ ਸ਼ਹਿਰ ਦੇ ਸ਼ਿਫਾ ਤੇ ਅਲ ਆਹਲੀ ਹਸਪਤਾਲਾਂ ਨੇ ਕੁੱਲ ਨੌਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਅਵਦ ਮੁਤਾਬਕ ਸਕੂਲ ’ਤੇ ਹਮਲਾ ਉਦੋਂ ਹੋਇਆ ਜਦੋਂ ਲੋਕ ਸੁੱਤੇ ਹੋਏ ਸਨ ਤੇ ਤਿੰਨ ਵਾਰ ਹੋਏ ਹਮਲੇ ਕਾਰਨ ਉਨ੍ਹਾਂ ਦੇ ਸਮਾਨ ਨੂੰ ਅੱਗ ਲੱਗ ਗਈ। ਆਨਲਾਈਨ ਪ੍ਰਸਾਰਿਤ ਫੁਟੇਜ਼ ’ਚ ਬਚਾਅ ਕਰਮੀ ਅੱਗ ਬੁਝਾਉਣ ਅਤੇ ਸੜੀਆਂ ਹੋਈਆਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।