ਦੀਰ ਅਲ-ਬਲਾਹ (ਗਾਜ਼ਾ ਪੱਟੀ) : ਗਾਜ਼ਾ ਪੱਟੀ ਵਿੱਚ ਪੂਰੀ ਰਾਤ ਹੋਏ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ-ਘੱਟ 85 ਜਣਿਆਂ ਦੀ ਮੌਤ ਹੋ ਗਈ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੌਮਾਂਤਰੀ ਪੱਧਰ ’ਤੇ ਨਿਖੇਧੀਆਂ ਦੇ ਬਾਵਜੂਦ ਇਜ਼ਰਾਈਲ ਨੇ ਹਮਾਸ ਖ਼ਿਲਾਫ਼ ਜੰਗ ਤੇਜ਼ ਕਰ ਦਿੱਤੀ ਹੈ। ਇਜ਼ਰਾਈਲ ਨੇ ਹਾਲੀਆ ਦਿਨਾਂ ਵਿੱਚ ਇਸ ਖੇਤਰ ਵਿੱਚ ਇੱਕ ਹੋਰ ਵੱਡਾ ਹਮਲਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਦਾ ਮਕਸਦ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਉਸ ’ਤੇ ਦਬਾਅ ਬਣਾਉਣ ਅਤੇ ਜਥੇਬੰਦੀ ਨੂੰ ਖ਼ਤਮ ਕਰਨਾ ਹੈ। ਇਸ ਹਮਲੇ ਦੀ ਸ਼ੁਰੂਆਤ ਤੋਂ ਹੁਣ ਤੱਕ 300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਦਾ ਟੀਚਾ ਗਾਜ਼ਾ ’ਤੇ ਕਬਜ਼ਾ ਕਰਨਾ, ਉਥੋਂ ਦੇ ਇਲਾਕਿਆਂ ਨੂੰ ਆਪਣੇ ਨਾਲ ਜੋੜਨਾ, ਹਜ਼ਾਰਾਂ ਲੋਕਾਂ ਨੂੰ ਉਜਾੜਨਾ ਅਤੇ ਸੁਰੱਖਿਅਤ ਸਹਾਇਤਾ ਯਕੀਨੀ ਬਣਾਉਣਾ ਹੈ। ਨਵੇਂ ਹਮਲੇ ਤੇਜ਼ ਹੋਣ ਦਰਮਿਆਨ ਇਜ਼ਰਾਈਲ ਜੰਗ ਨਾਲ ਤਬਾਹ ਹੋਏ ਖੇਤਰ ਵਿੱਚ ਢਾਈ ਮਹੀਨਿਆਂ ਦੀ ਨਾਕਾਬੰਦੀ ਮਗਰੋਂ ਸੀਮਤ ਮਾਤਰਾ ਵਿੱਚ ਸਹਾਇਤਾ ਦੀ ਇਜਾਜ਼ਤ ਦੇਣ ਲਈ ਸਹਿਮਤ
ਹੋ ਗਿਆ। ਨਾਕੇਬੰਦੀ ਕਾਰਨ ਖੇਤਰ ਵਿੱਚ ਭੋਜਨ, ਦਵਾਈ, ਈਂਧਨ ਅਤੇ ਹੋਰ ਆਮ ਸਾਮਾਨ ਦੀ ਸਪਲਾਈ ਵਿੱਚ ਰੁਕਾਵਟ ਆ ਗਈ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਸਹਿਯੋਗੀਆਂ ਦੇ ਦਬਾਅ ਮਗਰੋਂ ਘੱਟੋ-ਘੱਟ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਇਜ਼ਰਾਈਲ ਦੇ ਵਿਵਹਾਰ ਦੀ ਆਲੋਚਨਾ ਸੋਮਵਾਰ ਨੂੰ ਉਸ ਸਮੇਂ ਤੇਜ਼ ਹੋ ਗਈ ਜਦੋਂ ਸਹਿਯੋਗੀ ਦੇਸ਼ਾਂ ਕੈਨੇਡਾ, ਫਰਾਂਸ ਅਤੇ ਬਰਤਾਨੀਆ ਨੇ ਦੇਸ਼ ਖ਼ਿਲਾਫ਼ ‘ਠੋਸ ਕਾਰਵਾਈ’ ਦੀ ਧਮਕੀ ਦਿੱਤੀ ਅਤੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਆਪਣੀਆਂ ਨਵੀਆਂ ਫੌਜੀ ਕਾਰਵਾਈਆਂ ਰੋਕਣ ਲਈ ਕਿਹਾ। ਨੇਤਨਯਾਹੂ ਨੇ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਹਮਾਸ ਦੇ 7 ਅਕਤੂਬਰ, 2023 ਦੇ ਹਮਲੇ ਦਾ ‘ਸਭ ਤੋਂ ਵੱਡਾ ਜਵਾਬ’ ਸੀ।