ਦੀਰ ਅਲ-ਬਲਾਹ (ਗਾਜ਼ਾ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੱਧ ਪੂਰਬ ਦੇ ਦੌਰੇ ਦੀ ਸਮਾਪਤੀ ਕਰਦੇ ਸਮੇਂ ਸ਼ੁੱਕਰਵਾਰ ਸਵੇਰੇ ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ’ਚ ਘੱਟੋ-ਘੱਟ 20 ਲੋਕ ਮਾਰੇ ਗਏ ਹਨ। ਇਕ ਐਸੋਸੀਏਟਿਡ ਪ੍ਰੈਸ ਪੱਤਰਕਾਰ ਨੇ ਉੱਤਰੀ ਗਾਜ਼ਾ ਦੇ ਇੰਡੋਨੇਸ਼ੀਆਈ ਹਸਪਤਾਲ ਵਿਚ ਲਾਸ਼ਾਂ ਦੀ ਗਿਣਤੀ ਕੀਤੀ, ਜਿੱਥੇ ਉਨ੍ਹਾਂ ਨੂੰ ਲਿਆਂਦਾ ਗਿਆ ਸੀ। ਹਮਲੇ ਵਿਚ ਬਚੇ ਲੋਕਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠਾਂ ਦਬੇ ਹੋਏ ਹਨ।
ਉੱਤਰੀ ਗਾਜ਼ਾ ਵਿਚ ਇਹ ਵਿਆਪਕ ਹਮਲੇ ਉਦੋਂ ਹੋਏ ਜਦੋਂ ਟਰੰਪ ਨੇ ਇਜ਼ਰਾਈਲ ਨੂੰ ਛੱਡ ਕੇ ਖਾੜੀ ਰਾਜਾਂ ਦਾ ਆਪਣਾ ਦੌਰਾ ਸਮਾਪਤ ਕੀਤਾ। ਵਿਆਪਕ ਪੱਧਰ ’ਤੇ ਉਮੀਦ ਕੀਤੀ ਜਾ ਰਹੀ ਸੀ ਕਿ ਟਰੰਪ ਦੀ ਖੇਤਰੀ ਫੇਰੀ ਜੰਗਬੰਦੀ ਸਮਝੌਤੇ ਜਾਂ ਗਾਜ਼ਾ ਨੂੰ ਮਨੁੱਖੀ ਸਹਾਇਤਾ ਦੇ ਨਵੀਨੀਕਰਨ ਦੀ ਸ਼ੁਰੂਆਤ ਕਰ ਸਕਦੀ ਹੈ।ਖੇਤਰ ਦੀ ਇਜ਼ਰਾਈਲੀ ਨਾਕਾਬੰਦੀ ਦਾ ਹੁਣ ਤੀਜਾ ਮਹੀਨਾ ਜਾਰੀ ਹੈ। ਉਧਰ ਇਜ਼ਰਾਈਲੀ ਫੌਜ ਨੇ ਹਮਲਿਆਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਹਮਲੇ ਸ਼ੁੱਕਰਵਾਰ ਸਵੇਰ ਕਈ ਘੰਟਿਆਂ ਤੱਕ ਚੱਲੇ, ਜਿਸ ਕਾਰਨ ਲੋਕ ਜਬਾਲੀਆ ਸ਼ਰਨਾਰਥੀ ਕੈਂਪ ਅਤੇ ਬੇਤ ਲਾਹੀਆ ਸ਼ਹਿਰ ਤੋਂ ਭੱਜ ਗਏ।ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ ਦਿਨਾਂ ਦੇ ਇਸੇ ਤਰ੍ਹਾਂ ਦੇ ਹਮਲਿਆਂ ਤੋਂ ਬਾਅਦ 130 ਤੋਂ ਵੱਧ ਲੋਕ ਮਾਰੇ ਗਏ ਹਲ।