ਲਾਹੌਰ : ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੇ ਤਸਦੀਕ ਕੀਤੀ ਹੈ ਕਿ ਭਾਰਤ ਵੱਲੋਂ ਬਹਾਵਲਪੁਰ ’ਚ ਜਥੇਬੰਦੀ ਦੇ ਹੈੱਡਕੁਆਰਟਰ ’ਤੇ ਕੀਤੇ ਗਏ ਹਮਲੇ ’ਚ ਉਸ ਦੇ ਪਰਿਵਾਰ ਦੇ 10 ਮੈਂਬਰ ਅਤੇ ਚਾਰ ਨੇੜਲੇ ਸਾਥੀ ਮਾਰੇ ਗਏ ਹਨ।
ਅਜ਼ਹਰ ਮਸੂਦ ਦੇ ਹਵਾਲੇ ਨਾਲ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬਹਾਵਲਪੁਰ ’ਚ ਜਾਮੀਆ ਮਸਜਿਦ ਸੁਭਾਨ ਅੱਲ੍ਹਾ ’ਤੇ ਹੋਏ ਹਮਲੇ ਦੌਰਾਨ ਉਸ ਦੀ ਵੱਡੀ ਭੈਣ ਤੇ ਉਸ ਦਾ ਪਤੀ, ਇਕ ਭਤੀਜਾ, ਉਸ ਦੀ ਪਤਨੀ, ਇਕ ਹੋਰ ਰਿਸ਼ਤੇਦਾਰ ਅਤੇ ਪਰਿਵਾਰ ਦੇ ਪੰਜ ਬੱਚੇ ਮਾਰੇ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਮਲੇ ’ਚ ਅਜ਼ਹਰ ਦਾ ਨੇੜਲਾ ਸਾਥੀ ਅਤੇ ਉਸ ਦੀ ਮਾਂ ਅਤੇ ਦੋ ਹੋਰ ਸਾਥੀ ਮਾਰੇ ਗਏ ਹਨ। ਬਿਆਨ ’ਚ ਕਿਹਾ ਗਿਆ, ‘‘ਇਸ ਵਹਿਸ਼ੀ ਕਾਰੇ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਹੁਣ ਰਹਿਮ ਦੀ ਕੋਈ ਉਮੀਦ ਨਹੀਂ ਹੋਣੀ ਚਾਹੀਦੀ ਹੈ।’’
ਅਜ਼ਹਰ ਨੂੰ 1999 ’ਚ ਜਹਾਜ਼ ਅਗ਼ਵਾ ਦੀ ਘਟਨਾ ਮਗਰੋਂ ਰਿਹਾਅ ਕੀਤਾ ਗਿਆ ਸੀ ਅਤੇ ਉਸ ਮਗਰੋਂ ਬਹਾਵਲਪੁਰ ਜੈਸ਼ ਦਾ ਗੜ੍ਹ ਬਣ ਗਿਆ ਸੀ। ਮਈ 2019 ’ਚ ਸੰਯੁਕਤ ਰਾਸ਼ਟਰ ਨੇ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤਾ ਸੀ। ਉਹ ਅਪਰੈਲ 2019 ਤੋਂ ਜਨਤਕ ਤੌਰ ’ਤੇ ਦਿਖਾਈ ਨਹੀਂ ਦੇ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਬਹਾਵਲਪੁਰ ’ਚ ਕਿਸੇ ਸੁਰੱਖਿਅਤ ਥਾਂ ’ਤੇ ਰੱਖਿਆ ਗਿਆ ਹੈ। ਉਧਰ ਪੰਜਾਬ ਦੇ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨੇ ਕਿਹਾ ਕਿ ਬਹਾਵਲਪੁਰ ਹਮਲੇ ’ਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਵਧੀਆ ਇਲਾਜ ਲਈ ਵਿਕਟੋਰੀਆ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ।