ਜਗਰਾਉਂ : ਇਥੇ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੀਆਈਏ ਦੀ ਟੀਮ ਨੇ ਹੈਰੋਇਨ ਤੇ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਦੇ ਚੌਥੇ ਸਾਥੀ ਨੂੰ ਵੀ ਅੱਜ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ, ਉਸ ਕੋਲੋਂ ਦੋ ਰਿਵਾਲਵਰ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ, ਐੱਸਪੀ (ਡੀ) ਹਰਕਮਲ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਨਾਨਕਸਰ ਡਰੇਨ ’ਤੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਹ ਡਿੱਗ ਪਿਆ। ਇਸੇ ਦੌਰਾਨ ਉਸ ਨੇ ਆਪਣੇ ਰਿਵਾਲਵਰ ਨਾਲ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਆਪਣੇ ਬਚਾਅ ਲਈ ਗੋਲੀ ਚਲਾਈ ਤਾਂ ਮੁਲਜ਼ਮ ਦੀ ਸੱਜੀ ਲੱਤ ਵਿੱਚ ਲੱਗ ਗਈ। ਮੁਲਜ਼ਮ ਨੂੰ ਦੀ ਪਛਾਣ ਰੋਸ਼ਨ ਸਿੰਘ ਵਾਸੀ ਪਿੰਡ ਵਾੜਾ ਭਾਈਕਾ, ਫਿਰੋਜ਼ਪੁਰ ਵਜੋਂ ਕੀਤੀ ਗਈ ਹੈ। ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਰੋਸ਼ਨ ਸਿੰਘ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦਾ ਸਾਥੀ ਹੈ। ਮੁਲਜ਼ਮ ਕੋਲੋਂ ਮੋਟਰਸਾਈਕਲ, ਦੇਸੀ ਕੱਟਾ 315 ਬੋਰ, ਕਾਰਤੂਸਾਂ ਤੋਂ ਇਲਾਵਾ 32 ਬੋਰ ਦਾ ਰਿਵਾਲਵਰ ਬਰਾਮਦ ਹੋਏ ਹਨ। ਰੋਸ਼ਨ ਸਿੰਘ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 15 ਕੇਸ ਦਰਜ ਹਨ ਤੇ ਪੁਲੀਸ ਨੂੰ ਉਹ ਲੋੜੀਂਦਾ ਸੀ।
Posted inNews