ਤਰਨ ਤਾਰਨ : ਇੱਥੋਂ ਦੀ ਪੁਲੀਸ ਨੇ 32 ਲੱਖ ਰੁਪਏ ਦੇ ਸਰਕਾਰੀ ਫੰਡਾਂ ਦਾ ਗਬਨ ਕਰਨ ਦੇ ਦੋਸ਼ ਹੇਠ ਤਰਨ ਤਾਰਨ ਤੋਂ ਸੇਵਾਮੁਕਤ ਸਿਵਲ ਸਰਜਨ ਡਾ. ਕਮਲਪਾਲ ਅਤੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਲੇਖਾਕਾਰ (ਅਕਾਊਂਟਸ ਅਫਸਰ) ਹਰਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਜਾਣਕਾਰੀ ਅਨੁਸਾਰ 31.83 ਲੱਖ ਰੁਪਏ ਦੀ ਇਹ ਰਾਸ਼ੀ ਮੋਤੀਆ ਬਿੰਦ ਅਭਿਆਨ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ। ਸਿਵਲ ਸਰਜਨ ਡਾ. ਕਮਲਪਾਲ ਨੇ ਆਪਣੀ ਸੇਵਾਮੁਕਤੀ ਦੇ ਕੁਝ ਦਿਨ ਪਹਿਲਾਂ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਕੇ 31.83 ਲੱਖ ਰੁਪਏ ਦੇ ਸਾਮਾਨ ਦੀ ਇਕ ਹੀ ਫਰਮ ਤੋਂ ਖਰੀਦ ਕੀਤੀ ਸੀ| ਅਧਿਕਾਰੀ ਨੇ ਇਸ ਰਾਸ਼ੀ ਦੀ ਵਰਤੋਂ ਕਰਨ ਲਈ ਬਣਾਏ ਨੋਡਲ ਅਧਿਕਾਰੀ ਅਤੇ ਸਾਮਾਨ ਆਦਿ ਦੀ ਖ਼ਰੀਦ ਕਰਨ ਲਈ ਬਣਾਈ ਕਮੇਟੀ ਦੇ ਮੈਂਬਰਾਂ ਤੋਂ ਸਹਿਮਤੀ ਵੀ ਹਾਸਲ ਨਹੀਂ ਕੀਤੀ| ਇਸ ਰਾਸ਼ੀ ਨੂੰ ਵਿਭਾਗ ਵੱਲੋਂ ਵਾਪਸ ਮੰਗਣ ’ਤੇ ਵੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ| ਸੇਵਾਮੁਕਤ ਸਿਵਲ ਸਰਜਨ ਡਾ. ਕਮਲਪਾਲ ਨੇ ਇਸ ਰਾਸ਼ੀ ਦਾ ਸਾਮਾਨ ਖਰੀਦਣ ਲਈ ਆਪਣੀ ਕਾਰਵਾਈ ਨੂੰ ਦਰੁਸਤ ਠਹਿਰਾਉਣ ਲਈ ਐੱਨਐੱਚਐੱਮ ਦੇ ਅਕਾਊਂਟਸ ਅਧਿਕਾਰੀ ਹਰਸ਼ਦੀਪ ਸਿੰਘ ਨਾਲ ਮਿਲੀਭੁਗਤ ਕਰ ਕੇ 50,000 ਰੁਪਏ ਤੱਕ ਦੇ 66 ਬਿੱਲ ਇਕ ਹੀ ਦਿਨ ਵਿੱਚ ਤਿਆਰ ਕਰ ਕੇ ਫਰਮ ਨੂੰ ਭੁਗਤਾਨ ਕਰ ਦਿੱਤਾ| ਇੰਨੀ ਵੱਡੀ ਰਕਮ ਦਾ ਸਾਮਾਨ ਖਰੀਦਣ ਲਈ ਅਧਿਕਾਰੀ ਨੇ ਟੈਂਡਰ ਵੀ ਨਹੀਂ ਮੰਗੇ। ਇਹ ਮਾਮਲਾ ਉਸ ਵੇਲੇ ਦੇ ਨੋਡਲ ਅਧਿਕਾਰੀ ਡਾ. ਨਵਨੀਤ ਸਿੰਘ ਨੇ ਵਿਭਾਗ ਦੇ ਮੁੱਖ ਦਫਤਰ ਦੇ ਧਿਆਨ ਵਿੱਚ ਲਿਆਂਦਾ ਸੀ| ਵਿਭਾਗ ਨੇ ਮਾਮਲੇ ਦੀ ਪੜਤਾਲ ਕਰਨ ਲਈ ਐੱਸਐੱਸਪੀ (ਤਰਨ ਤਾਰਨ) ਨੂੰ ਪੱਤਰ ਲਿਖਿਆ ਸੀ ਜਿਸ ਦੀ ਜਾਂਚ ਡੀਐੱਸਪੀ (ਸਿਟੀ), ਤਰਨ ਤਾਰਨ ਰਿਪੂਤਪਨ ਸਿੰਘ ਸੰਧੂ ਨੇ ਕੀਤੀ| ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਬਿਊਰੋ ਵੱਲੋਂ ਵੀ ਕੀਤੀ ਜਾ ਰਹੀ ਹੈ| ਇਸ ਸਬੰਧੀ ਸਿਟੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 409, 417 465, 468, 471, 120-ਬੀ ਅਤੇ 7-ਸੀ ਭ੍ਰਿਸ਼ਟਾਚਾਰ ਵਿਰੋਧੀ ਐਕਟ ਅਧੀਨ ਕੇਸ ਦਰਜ ਕੀਤਾ ਹੈ। ਮੁਲਜ਼ਮ ਫ਼ਰਾਰ ਚਲ ਰਹੇ ਹਨ|
Posted inNews