ਬਰਖ਼ਾਸਤ ਕਰੋਨਾ ਵਾਲੰਟੀਅਰਾਂ ਵੱਲੋਂ ਮੁਜ਼ਾਹਰਾ

ਬਰਖ਼ਾਸਤ ਕਰੋਨਾ ਵਾਲੰਟੀਅਰਾਂ ਵੱਲੋਂ ਮੁਜ਼ਾਹਰਾ

ਲੁਧਿਆਣਾ : ਕਰੋਨਾ ਕਾਲ ਸਮੇਂ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਕਰੋਨਾ ਵਾਲੰਟੀਅਰਾਂ ਨੇ ਅੱਜ ਲੁਧਿਆਣਾ ’ਚ ਸੂਬਾ ਪੱਧਰੀ ਮੁਜ਼ਾਹਰਾ ਕੀਤਾ। ਐੱਨਐੱਚਐੱਮ ਕਰੋਨਾ ਵਾਲੰਟੀਅਰਾਂ ਵਜੋਂ ਭਰਤੀ ਕੀਤੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਿਸ਼ਨ ਫ਼ਤਹਿ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਨੋਟਿਸ ਦਿੱਤੇ ਫਾਰਗ ਕਰ ਦਿੱਤਾ ਗਿਆ ਸੀ। ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਅਤੇ ਸਰਕਾਰੀ ਦਰਬਾਰੇ ਵੀ ਗੱਲਬਾਤ ਕੀਤੀ ਗਈ ਪਰ ਹਰ ਵਾਰ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਇਸ ਮੌਕੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕੋਵਿਡ-19 ਮੈਡੀਕਲ ਅਤੇ ਪੈਰਾ-ਮੈਡੀਕਲ ਵਾਲੰਟੀਅਰ ਯੂਨੀਅਨ, ਪੰਜਾਬ ਦੇ ਮੁੱਖ ਬੁਲਾਰੇ ਡਾ. ਗੁਰਪਿਆਰ ਸਿੰਘ ਨੇ ਕਿਹਾ ਕਿ ਸਾਲ 2020 ਵਿੱਚ ਇੱਕ ਇਸ਼ਤਿਹਾਰ ਰਾਹੀਂ ਸੂਬੇ ਭਰ ਵਿੱਚ 1200 ਐੱਨਐੱਚਐੱਮ ਕਰੋਨਾ ਵਾਲੰਟੀਅਰਾਂ ਵਜੋਂ ਵਾਰਡ ਅਟੈਂਡੈਂਟ, ਸਟਾਫ਼ ਨਰਸ, ਲੈਬ ਅਟੈਂਡੈਂਟ ਅਤੇ ਡਾਕਟਰਾਂ ਦੀ ਭਰਤੀ ਕੀਤੀ ਗਈ ਸੀ ਪਰ ਮਿਸ਼ਨ ਫ਼ਤਹਿ ਹੋਣ ਤੋਂ ਬਾਅਦ ਫੋਨ ਕਾਲ ਰਾਹੀਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਮੁੜ ਬਹਾਲੀ ਲਈ ਉਨ੍ਹਾਂ ਪਿਛਲੇ ਚਾਰ ਸਾਲਾਂ ਵਿੱਚ ਕਈ ਵਾਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਪਰ ਉਨ੍ਹਾਂ ਨੂੰ ਨਾ ਤਾਂ ਬਣਦਾ ਹੱਕ ਮਿਲਿਆ ਅਤੇ ਨਾ ਹੀ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ।

ਐੱਮਪੀ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ

ਕਰੋਨਾ ਵਾਲੰਟੀਅਰਾਂ ਨੇ ਨਵੀਆਂ ਕਚਹਿਰੀਆਂ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਤੱਕ ਰੋਸ ਮਾਰਚ ਕੀਤਾ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਵਾਲੰਟੀਅਰਾਂ ਨੇ ਹਿੱਸਾ ਲਿਆਂ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੇਣ ਦੀ ਮੰਗ ਕੀਤੀ। ਰੋਸ ਮੁਜ਼ਾਹਰੇ ਦੌਰਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਉਚੇਚੇ ਤੌਰ ’ਤੇ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਤੇ ਨੌਕਰੀ ਬਹਾਲ ਕਰਵਾਉਣ ਦਾ ਭਰੋਸਾ ਦਿੱਤਾ।

Share: