ਮਾਓਵਾਦੀਆਂ ਦੇ ਕਤਲੇਆਮ ਵਿਰੁੱਧ ਸੂਬਾ ਪੱਧਰੀ ਕਨਵੈਨਸ਼ਨ

ਮਾਓਵਾਦੀਆਂ ਦੇ ਕਤਲੇਆਮ ਵਿਰੁੱਧ ਸੂਬਾ ਪੱਧਰੀ ਕਨਵੈਨਸ਼ਨ

ਗਰੂਰ : ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਅੰਦਰ ਨਕਸਲਵਾਦ ਨੂੰ ਖਤਮ ਕਰਨ ਦੇ ਨਾਂ ਹੇਠ ਕੀਤੇ ਜਾ ਰਹੇ ਕਥਿਤ ਕਤਲੇਆਮ ਵਿਰੁੱਧ ਆਵਾਜ਼ ਉਠਾਉਣ ਲਈ ਪਾਰੁਲ ਪੈਲੇਸ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਮਗਰੋਂ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਮਜ਼ਦੂਰਾਂ, ਕਿਸਾਨਾਂ, ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਇਨਸਾਫ਼ਪਸੰਦ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਡਾ. ਨਵਸ਼ਰਨ, ਡਾ. ਪਰਮਿੰਦਰ ਸਿੰਘ, ਪ੍ਰੋ. ਏਕੇ ਮਲੇਰੀ ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਵੱਲੋਂ ਕੀਤੀ ਗਈ। ਕਨਵੈਨਸ਼ਨ ਨੂੰ ਜਮਹੂਰੀ ਹੱਕਾਂ ਦੀ ਪਹਿਰੇਦਾਰ ਨਾਮਵਰ ਸ਼ਖ਼ਸੀਅਤ ਡਾ. ਨਵਸ਼ਰਨ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਬਸਤਰ ਵਿੱਚ ਚੋਟੀ ਦੇ ਮਾਓਵਾਦੀ ਆਗੂ ਕਾਮਰੇਡ ਕੇਸ਼ਵ ਰਾਓ ਸਣੇ 27 ਵਿਅਕਤੀਆਂ ਦਾ ਕਥਿਤ ਕਤਲੇਆਮ, ਖਣਿਜਾਂ ਉੱਪਰ ਕਾਰਪੋਰੇਟ ਕਬਜ਼ੇ ਲਈ ਦਹਾਕਿਆਂ ਤੋਂ ਆਪਣੇ ਲੋਕਾਂ ਵਿਰੁੱਧ ਭਾਰਤੀ ਰਾਜ ਵੱਲੋਂ ਲੜੀ ਜਾ ਰਹੀ ਜੰਗ ਦਾ ਸਿਖਰ ਹੈ। ਲੋਕਾਂ ਨੂੰ ਸਰਕਾਰੀ ਬਿਰਤਾਂਤ ਪਿਛਲੀ ਇਹ ਹਕੀਕਤ ਸਮਝਣੀ ਚਾਹੀਦੀ ਹੈ। ਡਾ. ਨਵਸ਼ਰਨ ਨੇ ਕਿਹਾ ਕਿ ‘ਮਾਰਚ 2026 ਤੱਕ ਨਕਸਲਵਾਦ ਦਾ ਸਫ਼ਾਇਆ ਕਰਨ’ ਦੀ ਨੀਤੀ ਕਥਿਤ ਵਿਕਾਸ ਦੇ ਨਾਂ ਹੇਠ ਕਾਰਪੋਰੇਟ ਪ੍ਰਾਜੈਕਟਾਂ ਦਾ ਰਾਹ ਸਾਫ਼ ਕਰਨ ਦੀ ਫਾਸ਼ੀਵਾਦੀ ਨੀਤੀ ਹੈ, ਜਿਸ ਦਾ ਮੁਲਕ ਦੇ ਹਿੱਤਾਂ ਅਤੇ ਲੋਕਾਂ ਦੀ ਬਿਹਤਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਦਰਅਸਲ, ਆਦਿਵਾਸੀਆਂ ਦੇ ਜਲ-ਜੰਗਲ-ਜ਼ਮੀਨ ’ਤੇ ਕੁਦਰਤੀ ਹੱਕ ਦੀ ਰਾਖੀ ਦੇ ਜਮਹੂਰੀ ਹੱਕ ਨੂੰ ਕੁਚਲ ਕੇ ਕੁਦਰਤੀ ਵਸੀਲਿਆਂ ਨਾਲ ਭਰਪੂਰ ਜੰਗਲੀ-ਪਹਾੜੀ ਇਲਾਕਿਆਂ ਅਤੇ ਹੋਰ ਜ਼ਮੀਨਾਂ ਉੱਪਰ ਕਾਰਪੋਰੇਟ ਪ੍ਰਾਜੈਕਟ ਥੋਪਣ ਦੀ ਲੋਕ ਵਿਰੋਧੀ ਸਾਜ਼ਿਸ਼ ਹੈ ਅਤੇ ਇਹ ‘ਵਿਕਾਸ’ ਮਾਡਲ ਆਦਿਵਾਸੀਆਂ ਅਤੇ ਦੇਸ਼ ਦੇ ਹੋਰ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਘਰਸ਼ਸ਼ੀਲ ਵਰਗਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਨ੍ਹਾਂ ਨੂੰ ਜਬਰ ਰਾਹੀਂ ਕੁਚਲਣ ਨੂੰ ਨੀਤੀ ਅਪਣਾਈ ਹੋਈ ਹੈ। ਇਹ ਸੰਘਰਸ਼ ਅਤੇ ਜਥੇਬੰਦੀ ਦੇ ਜਮਹੂਰੀ ਹੱਕ ’ਤੇ ਤਾਨਾਸ਼ਾਹ ਹਮਲਾ ਹੈ। ਕਨਵੈਨਸ਼ਨ ਦੌਰਾਨ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਫ਼ੌਜੀ ਅਪਰੇਸ਼ਨਾਂ ਅਤੇ ਗ਼ੈਰਅਦਾਲਤੀ ਸਜ਼ਾਵਾਂ ਦਾ ਤਾਨਾਸ਼ਾਹ ਸਿਲਸਲਾ ਬੰਦ ਕਰੇ ਅਤੇ ਭਾਰਤੀ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਮਾਓਵਾਦੀ ਪਾਰਟੀ ਸਣੇ ਹਥਿਆਰਬੰਦ ਟਾਕਰਾ ਲਹਿਰਾਂ ਨਾਲ ਗੱਲਬਾਤ ਦਾ ਅਮਲ ਸ਼ੁਰੂ ਕਰੇ। ਇੱਕ ਮਤੇ ਰਾਹੀਂ ਸੀਪੀਆਈ (ਮਾਓਵਾਦੀ) ਦੇ ਜਨਰਲ ਸਕੱਤਰ ਕਾ. ਕੇਸ਼ਵ ਰਾਓ ਸਣੇ 27 ਮਾਓਵਾਦੀ ਆਗੂਆਂ ਦੀ ਕਥਿਤ ਮੁਕਾਬਲੇ ਵਿਚ ਹੱਤਿਆ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ਾਂ ਦੌਰਾਨ ਕੀਤੇ ਜਾ ਰਹੇ ਜਬਰ ਦੀ ਨਿਖੇਧੀ ਕੀਤੀ ਗਈ। ਇਨਕਲਾਬੀ ਗਾਇਕ ਜੁਗਰਾਜ ਧੌਲਾ, ਇਕਬਾਲ ਕੌਰ ਉਦਾਸੀ, ਜਗਸੀਰ ਜੀਦਾ, ਅਜਮੇਰ ਅਕਲੀਆ, ਕਸਤੂਰੀ ਲਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Share: