ਜੰਮੂ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਵੱਖ ਵੱਖ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਦਾ ਸਿਲਸਿਲਾ ਜਾਰੀ ਰੱਖਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਵਿਚ ਅੱਠ ਥਾਵਾਂ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਦਾ ਭਾਰਤੀ ਫੌਜ ਨੇ ਢੁੱਕਵਾਂ ਜਵਾਬ ਦਿੱਤਾ। ਉਂਝ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਸੈਲਾਨੀਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਵਧਦੇ ਤਣਾਅ ਦਰਮਿਆਨ ਇਹ ਲਗਾਤਾਰ ਦਸਵੀਂ ਰਾਤ ਹੈ ਜਦੋਂ ਜੰਮੂ ਕਸ਼ਮੀਰ ਵਿਚ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ ਗਈ ਹੈ।
ਰੱਖਿਆ ਤਰਜਮਾਨ ਨੇ ਕਿਹਾ, ‘‘3 ਤੇ 4 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੀਆਂ ਫੌਜੀ ਚੌਕੀਆਂ ਤੋਂ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ, ਬਾਰਾਮੂਲਾ, ਪੁਣਛ, ਰਾਜੌਰੀ, ਮੇਂਧੜ, ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਭਾਰਤੀ ਥਲ ਸੈਨਾ ਨੇ ਇਸ ਦਾ ਢੁੱਕਵਾਂ ਜਵਾਬ ਦਿੱਤਾ।’’
ਭਾਰਤ ਅਤੇ ਪਾਕਿਸਤਾਨ ਵੱਲੋਂ 25 ਫਰਵਰੀ, 2021 ਨੂੰ ਜੰਗਬੰਦੀ ਸਮਝੌਤਾ ਨਵਿਆਉਣ ਮਗਰੋਂ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ (IB) ’ਤੇ ਗੋਲੀਬੰਦੀ ਦੀ ਉਲੰਘਣਾ ਬਹੁਤ ਘੱਟ ਹੋਈ ਹੈ। ਉਧਰ ਨਿੱਤ ਦੀ ਗੋਲੀਬਾਰੀ ਤੋਂ ਘਬਰਾਏ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸਾਵਧਾਨੀ ਵਜੋਂ ਆਪਣੇ ਸਾਂਝੇ ਅਤੇ ਵਿਅਕਤੀਗਤ ਬੰਕਰਾਂ ਦੀ ਸਾਫ਼ ਸਫਾਈ ਸ਼ੁਰੂ ਕਰ ਦਿੱਤੀ ਹੈ। ਭਾਰਤ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਮੁਅੱਤਲ ਕਰਨ ਤੋਂ ਕੁਝ ਘੰਟਿਆਂ ਬਾਅਦ 24 ਅਪਰੈਲ ਦੀ ਰਾਤ ਤੋਂ ਪਾਕਿਸਤਾਨੀ ਫੌਜਾਂ ਕਸ਼ਮੀਰ ਵਾਦੀ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਰਹੀਆਂ ਹਨ।
ਸ਼ੁਰੂ ਵਿੱਚ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਕਈ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਹੋਈ, ਪਰ ਪਾਕਿਸਤਾਨ ਨੇ ਤੇਜ਼ੀ ਨਾਲ ਪੁਣਛ ਸੈਕਟਰ ਅਤੇ ਬਾਅਦ ਵਿੱਚ ਜੰਮੂ ਖੇਤਰ ਦੇ ਅਖਨੂਰ ਸੈਕਟਰ ਤੱਕ ਗੋਲੀਬੰਦੀ ਦੀ ਉਲੰਘਣਾ ਦਾ ਵਿਸਥਾਰ ਕੀਤਾ। ਇਸ ਤੋਂ ਬਾਅਦ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਕਈ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਮਗਰੋਂ ਗੋਲੀਬਾਰੀ ਪੁਣਛ ਜ਼ਿਲ੍ਹੇ ਦੇ ਮੇਂਧੜ ਅਤੇ ਜੰਮੂ ਜ਼ਿਲ੍ਹੇ ਦੇ ਪਰਗਵਾਲ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਤੱਕ ਫੈਲ ਗਈ।