ਪੇਈਚਿੰਗ : ਚੀਨੀ ਸਫ਼ੀਰ ਜਿਆਂਗ ਜ਼ੈਦੌਂਗ ਨੇ ਇਸਲਾਮਾਬਾਦ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਕੇ ਭਾਰਤ ਨਾਲ ਪੈਦਾ ਹੋਏ ਤਣਾਅ ਬਾਰੇ ਵਿਚਾਰ ਵਟਾਂਦਰਾ ਕੀਤਾ। ਪਾਕਿਸਤਾਨ ’ਚ ਚੀਨੀ ਸਫ਼ਾਰਤਖਾਨੇ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਗਿਆ ਕਿ ਜਿਆਂਗ ਤੇ ਸ਼ਾਹਬਾਜ਼ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ। ਚੀਨ ਨੇ ਦੁਹਰਾਇਆ ਕਿ ਭਾਰਤ ਅਤੇ ਪਾਕਿਸਤਾਨ ਸੰਜਮ ਰੱਖਣ। ਜਿਆਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਸੁਰੱਖਿਆ ਹਿੱਤਾਂ ਦੀ ਰਾਖੀ ਲਈ ਪਾਕਿਸਤਾਨ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਮਤਭੇਦ ਭੁਲਾ ਕੇ ਭਾਰਤ ਤੇ ਪਾਕਿਸਤਾਨ ਖ਼ਿੱਤੇ ’ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨ। ਸ਼ਰੀਫ਼ ਨੇ ਜਿਆਂਗ ਨੂੰ ਪੈਦਾ ਹੋਏ ਮੌਜੂਦਾ ਤਣਾਅ ਦੀ ਜਾਣਕਾਰੀ ਦਿੱਤੀ ਅਤੇ ਚੀਨ ਵੱਲੋਂ ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੀਆਂ ਉਸਾਰੂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਸ਼ਾਹਬਾਜ਼ ਸ਼ਰੀਫ਼ ਦਾ ਯੂ-ਟਿਊਬ ਚੈਨਲ ਭਾਰਤ ਵਿੱਚ ਬੰਦ
ਨਵੀਂ ਦਿੱਲੀ: ਪਹਿਲਗਾਮ ਹਮਲੇ ਕਾਰਨ ਦੋਵੇਂ ਮੁਲਕਾਂ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਯੂਟਿਊਬ ਚੈਨਲ ਭਾਰਤ ’ਚ ਬੰਦ ਹੋ ਗਿਆ ਹੈ। ਬਲਾਕ ਕੀਤੇ ਗਏ ਚੈਨਲ ’ਤੇ ਸੁਨੇਹਾ ਆ ਰਿਹਾ ਹੈ ਕਿ ਕੌਮੀ ਸੁਰੱਖਿਆ ਨੂੰ ਲੈ ਕੇ ਸਰਕਾਰ ਦੇ ਹੁਕਮਾਂ ’ਤੇ ਦੇਸ਼ ’ਚ ਚੈਨਲ ਦੀ ਸਮੱਗਰੀ ਉਪਲੱਬਧ ਨਹੀਂ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 16 ਪਾਕਿਸਤਾਨੀ ਯੂਟਿਊਬ ਚੈਨਲ ਬਲਾਕ ਕਰ ਦਿੱਤੇ ਸਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਵੱਲੋਂ ਬੀਬੀਸੀ ਦੀ ਰਿਪੋਰਟਿੰਗ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਨੇ ਦਹਿਸ਼ਤਗਰਦਾਂ ਨੂੰ ਮਿਲੀਟੈਂਟ ਗਰਦਾਨਿਆ ਸੀ।