ਮਾਸਕੋ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 7 ਤੋਂ 10 ਮਈ ਲਈ ਰੂਸ ਦੇ ਦੌਰੇ ’ਤੇ ਜਾਣਗੇ। ਕਰੈਮਲਿਨ ਨੇ ਚੀਨੀ ਸਦਰ ਦੇ ਤਜਵੀਜ਼ਤ ਦੌਰੇ ਦੀ ਪੁਸ਼ਟੀ ਕੀਤੀ ਹੈ। ਕਾਬਿਲੇਗੌਰ ਹੈ ਕਿ ਸ਼ੀ ਪਹਿਲਾਂ ਹੀ ਉਨ੍ਹਾਂ ਮਹਿਮਾਨਾਂ ਦੀ ਸੂਚੀ ਵਿਚ ਸ਼ਾਮਲ ਹਨ, ਜੋ 9 ਮਈ ਨੂੰ ਮਾਸਕੋ ਵਿਚ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਕਰੈਮਲਿਨ ਨੇ ਕਿਹਾ ਕਿ ਸ਼ੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਦੇ ਸੱਦੇ ’ਤੇ ਵਿਕਟਰੀ ਡੇਅ ਪਰੇਡ ਦੇ ਜਸ਼ਨਾਂ ਵਿਚ ਸ਼ਾਮਲ ਹੋਣਗੇ। ਦੋਵੇਂ ਆਗੂ ‘ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਵਿਆਪਕ ਭਾਈਵਾਲੀ ਅਤੇ ਰਣਨੀਤਕ ਗੱਲਬਾਤ’ ਅਤੇ ‘ਕੌਮਾਂਤਰੀ ਅਤੇ ਖੇਤਰੀ ਏਜੰਡੇ ਦੇ ਮੁੱਦਿਆਂ’ ਉੱਤੇ ਚਰਚਾ ਕਰਨਗੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਪੂਤਿਨ ਅਤੇ ਸ਼ੀ ਕਈ ਦੁਵੱਲੇ ਦਸਤਾਵੇਜ਼ਾਂ ’ਤੇ ਸਹੀ ਵੀ ਪਾਉਣਗੇ। ਕਰੈਮਲਿਨ ਵੱਲੋਂ ਫਰਵਰੀ 2022 ’ਚ ਯੂਕਰੇਨ ਵਿੱਚ ਫੌਜਾਂ ਭੇਜਣ ਤੋਂ ਬਾਅਦ ਸ਼ੀ ਦੀ ਇਹ ਤੀਜੀ ਰੂਸ ਫੇਰੀ ਹੋਵੇਗੀ।
ਸ਼ੀ ਇਸ ਤੋ ਪਹਿਲਾਂ ਸਤੰਬਰ 2024 ਵਿੱਚ ਬ੍ਰਿਕਸ ਸੰਮੇਲਨ ਲਈ ਰੂਸ ਗਏ ਸਨ। ਉਨ੍ਹਾਂ ਨੇ ਮਾਰਚ 2023 ਵਿੱਚ ਰੂਸ ਦਾ ਸਰਕਾਰੀ ਦੌਰਾ ਵੀ ਕੀਤਾ ਸੀ ਅਤੇ ਪੂਤਿਨ ਨੇ ਉਸੇ ਸਾਲ ਅਕਤੂਬਰ ਵਿੱਚ ਚੀਨ ਦੀ ਆਪਣੀ ਯਾਤਰਾ ਦੇ ਜਵਾਬ ਵਿੱਚ ਇਹ ਦੌਰਾ ਕੀਤਾ ਸੀ।
ਇਸ ਤੋਂ ਬਾਅਦ ਦੋਵੇਂ ਨੇਤਾ ਮਈ 2024 ਵਿੱਚ ਬੀਜਿੰਗ ਵਿੱਚ ਵੀ ਮਿਲੇ ਹਨ, ਜਿੱਥੇ ਪੂਤਿਨ ਨੇ ਆਪਣੇ ਪੰਜਵੇਂ ਰਾਸ਼ਟਰਪਤੀ ਕਾਰਜਕਾਲ ਦੀ ਪਹਿਲੀ ਵਿਦੇਸ਼ੀ ਯਾਤਰਾ ਕੀਤੀ ਸੀ।