ਭਾਰਤ ਤੇ ਪਾਕਿ ਵਿਚਾਲੇ ਜਾਰੀ ਰਹੇਗੀ ਗੋਲੀਬੰਦੀ

ਭਾਰਤ ਤੇ ਪਾਕਿ ਵਿਚਾਲੇ ਜਾਰੀ ਰਹੇਗੀ ਗੋਲੀਬੰਦੀ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ (ਡੀਜੀਐੱਮਓ) ਵਿਚਾਲੇ ਪਿਛਲੇ ਹਫ਼ਤੇ ਫੌਜੀ ਕਾਰਵਾਈ ਰੋਕਣ ’ਤੇ ਬਣੀ ਸਹਿਮਤੀ ਦੀ ਕੋਈ ਸਮਾਂ-ਸੀਮਾ ਤੈਅ ਨਹੀਂ ਹੈ। ਭਾਰਤੀ ਫੌਜ ਵੱਲੋਂ ਇਹ ਸਪੱਸ਼ਟੀਕਰਨ ਉਨ੍ਹਾਂ ਰਿਪੋਰਟਾਂ ਮਗਰੋਂ ਆਇਆ ਹੈ ਜਦੋਂ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਗੋਲੀਬੰਦੀ ’ਤੇ ਬਣੀ ਸਹਿਮਤੀ ਦੀ ਮਿਆਦ ਅੱਜ ਸ਼ਾਮ ਖ਼ਤਮ ਹੋ ਗਈ। ਭਾਰਤ ਅਤੇ ਪਾਕਿਸਤਾਨ ਦੇ ਡੀਜੀਐੱਮਓਜ਼ ਨੇ 12 ਮਈ ਨੂੰ ਹਰ ਤਰ੍ਹਾਂ ਦੀਆਂ ਫੌਜੀ ਕਾਰਵਾਈਆਂ ਰੋਕਣ ’ਤੇ ਸਹਿਮਤੀ ਜਤਾਈ ਸੀ। ਇਹ ਸਹਿਮਤੀ ਮੁੱਖ ਤੌਰ ’ਤੇ ਦੋ ਦਿਨਾਂ ਲਈ ਉਦੋਂ ਬਣੀ ਸੀ ਜਦੋਂ ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਨੇ 10 ਮਈ ਨੂੰ ਹੌਟਲਾਈਨ ’ਤੇ ਗੱਲਬਾਤ ਕੀਤੀ ਸੀ। ਭਾਰਤੀ ਫੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ, ‘‘ਜਿਥੋਂ ਤੱਕ 12 ਮਈ ਨੂੰ ਡੀਜੀਐੱਮਓਜ਼ ਦੀ ਗੱਲਬਾਤ ’ਚ ਲਏ ਗਏ ਫ਼ੈਸਲੇ ਮੁਤਾਬਕ ਟਕਰਾਅ ਰੋਕਣ ’ਤੇ ਬਣੀ ਸਹਿਮਤੀ ਦਾ ਸਵਾਲ ਹੈ ਤਾਂ ਇਸ ਦੇ ਖ਼ਤਮ ਹੋਣ ਦੀ ਕੋਈ ਤਰੀਕ ਤੈਅ ਨਹੀਂ ਹੈ।’’ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਐਤਵਾਰ ਨੂੰ ‘ਡੀਜੀਐੱਮਓਜ਼ ਦੀ ਕੋਈ ਵਾਰਤਾ’ ਤੈਅ ਨਹੀਂ ਹੈ ਜਿਵੇਂ ਕਿ ਮੀਡੀਆ ਦੇ ਇਕ ਵਰਗ ’ਚ ਇਹ ਖ਼ਬਰ ਨਸ਼ਰ ਹੋਈ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਟਕਰਾਅ ਮਗਰੋਂ 10 ਮਈ ਨੂੰ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣੀ ਸੀ। ਚਾਰ ਦਿਨਾਂ ਦੇ ਟਕਰਾਅ ਦੌਰਾਨ ਦੋਵੇਂ ਮੁਲਕਾਂ ਨੇ ਇਕ-ਦੂਜੇ ਦੇ ਫੌਜੀ ਟਿਕਾਣਿਆਂ ਨੂੰ ਡਰੋਨ, ਮਿਜ਼ਾਈਲਾਂ ਅਤੇ ਲੰਬੀ ਦੂਰੀ ਦੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਸੀ ਜਿਸ ਨਾਲ ਵੱਡੇ ਪੱਧਰ ’ਤੇ ਜੰਗ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੇ ਡੀਜੀਐੱਮਓਜ਼ ਨੇ 12 ਮਈ ਨੂੰ ਮੁੜ ਗੱਲਬਾਤ ਕਰਕੇ ਫੌਜੀ ਕਾਰਵਾਈਆਂ ਰੋਕਣ ਦੇ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਗੱਲ ’ਤੇ ਰਾਜ਼ੀ ਹੋਏ ਸਨ ਕਿ ਸਰਹੱਦਾਂ ਤੇ ਮੂਹਰਲੇ ਇਲਾਕਿਆਂ ਤੋਂ ਦੋਵੇਂ ਮੁਲਕਾਂ ਦੀਆਂ ਫੌਜਾਂ ’ਚ ਕਟੌਤੀ ਕਰਨ ਲਈ ਫੌਰੀ ਕਦਮ ਚੁੱਕੇ ਜਾਣਗੇ। ਗੱਲਬਾਤ ਦੌਰਾਨ ਦੋਵੇਂ ਅਧਿਕਾਰੀਆਂ ਨੇ ਇਸ ਗੱਲ ’ਤੇ ਵੀ ਵਚਨਬੱਧਤਾ ਦੁਹਰਾਈ ਸੀ ਕਿ ਕੋਈ ਵੀ ਇਕ-ਦੂਜੇ ਖ਼ਿਲਾਫ਼ ਇਕ ਗੋਲੀ ਨਹੀਂ ਚਲਾਏਗਾ ਤੇ ਨਾ ਹੀ ਹਮਲਾਵਰ ਰੁਖ਼ ਅਪਣਾਏਗਾ। ਪਿਛਲੇ ਮਹੀਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ’ਚ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਤਹਿਤ 7 ਮਈ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਦਹਿਸ਼ਤੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸਨ।

Share: