ਸੀਬੀਆਈ ਵੱਲੋਂ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਖ਼ਿਲਾਫ਼ ਦੋਸ਼ ਪੱਤਰ ਦਾਖਲ

ਸੀਬੀਆਈ ਵੱਲੋਂ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਖ਼ਿਲਾਫ਼ ਦੋਸ਼ ਪੱਤਰ ਦਾਖਲ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਿਰੂ ਪਣ-ਬਿਜਲੀ ਪ੍ਰਾਜੈਕਟ ’ਚ 2,200 ਕਰੋੜ ਰੁਪਏ ਦੇ ਸਿਵਲ ਕੰਮਾਂ ਦੇ ਠੇਕੇ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਤੇ ਸੱਤ ਹੋਰ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਤਿੰਨ ਸਾਲ ਦੀ ਜਾਂਚ ਮਗਰੋਂ ਮਲਿਕ ਤੇ ਉਨ੍ਹਾਂ ਦੇ ਦੋ ਸਹਿਯੋਗੀਆਂ ਵੀਰੇਂਦਰ ਰਾਣਾ ਤੇ ਕੰਵਰ ਸਿੰਘ ਰਾਣਾ ਨੂੰ ਮੁਲਜ਼ਮ ਬਣਾਉਂਦਿਆਂ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਖਲ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ ਪੱਤਰ ’ਚ ਜਿਨ੍ਹਾਂ ਹੋਰ ਲੋਕਾਂ ਦੇ ਨਾਂ ਹਨ ਉਨ੍ਹਾਂ ’ਚ ‘ਚਨਾਬ ਵੈਲੀ ਪਾਵਰ ਪ੍ਰਾਜੈਕਟਸ ਪ੍ਰਾਈਵੇਟ ਲਿਮਿਟਡ’ (ਸੀਵੀਪੀਪੀਪੀਐੱਲ) ਦੇ ਮੈਨੇਜਿੰਗ ਡਾਇਰੈਕਟਰ ਐੱਮਐੱਸ ਬਾਬੂ, ਕੰਪਨੀ ਦੇ ਡਾਇਰੈਕਟਰ ਅਰੁਣ ਕੁਮਾਰ ਮਿਸ਼ਰਾ ਤੇ ਐੱਮਕੇ ਮਿੱਤਲ, ਨਿਰਮਾਣ ਕੰਪਨੀ ‘ਪਟੇਲ ਇੰਜਨੀਅਰਿੰਗ ਲਿਮਿਟਡ’ ਦੇ ਮੈਨੇਜਿੰਗ ਡਾਇਰੈਕਟਰ ਰੂਪਨ ਪਟੇਲ ਅਤੇ ਕੰਵਲਜੀਤ ਸਿੰਘ ਦੁੱਗਲ ਸ਼ਾਮਲ ਹਨ। ਸੀਬੀਆਈ ਨੇ ਪਿਛਲੇ ਸਾਲ ਫਰਵਰੀ ’ਚ ਮਾਮਲੇ ਦੇ ਸਿਲਸਿਲੇ ’ਚ ਮਲਿਕ ਤੇ ਹੋਰ ਲੋਕਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਸੀਬੀਆਈ ਨੇ 2022 ’ਚ ਐੱਫਆਈਆਰ ਦਰਜ ਕਰਨ ਮਗਰੋਂ ਇੱਕ ਬਿਆਨ ’ਚ ਕਿਹਾ ਸੀ ਕਿ ਇਹ ਮਾਮਲਾ 2019 ’ਚ ‘ਕਿਰੂ ਹਾਈਡਰੋ ਇਲੈਕਟ੍ਰਿਕ ਪਾਵਰ’ (ਐੱਚਈਪੀ) ਪ੍ਰਾਜੈਕਟ ਦੇ ਸਿਵਲ ਕੰਮਾਂ ’ਚ ਤਕਰੀਬਨ 2200 ਕਰੋੜ ਰੁਪਏ ਦੇ ਠੇਕੇ ਇੱਕ ਨਿੱਜੀ ਕੰਪਨੀ ਨੂੰ ਦੇਣ ’ਚ ਕਥਿਤ ਗੜਬੜੀ ਨਾਲ ਸਬੰਧਤ ਹੈ। ਮਲਿਕ 23 ਅਗਸਤ, 2018 ਤੋਂ 30 ਅਕਤੂਬਰ, 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਸਨ। ਮਲਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰਾਜੈਕਟ ਨਾਲ ਸਬੰਧਤ ਇੱਕ ਫਾਈਲ ਸਮੇਤ ਦੋ ਫਾਈਲਾਂ ਨੂੰ ਮਨਜ਼ੂਰੀ ਦੇਣ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

Share: