ਨਵੀਂ ਦਿੱਲੀ : ਸੀਬੀਆਈ ਨੇ ਸਾਈਬਰ ਅਪਰਾਧਾਂ ਖ਼ਿਲਾਫ਼ ਕਾਰਵਾਈ ਤਹਿਤ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ 19 ਟਿਕਾਣਿਆਂ ’ਤੇ ਛਾਪੇ ਮਾਰ ਕੇ ਤਕਨੀਕੀ ਸਹਾਇਤਾ ਬਹਾਨੇ ਜਪਾਨੀ ਨਾਗਰਿਕ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਬੀਆਈ ਨੇ ਅਪਰੇਸ਼ਨ ‘ਚੱਕਰ-ਵੀ’ ਤਹਿਤ ਸਾਈਬਰ ਅਪਰਾਧੀਆਂ ਵਿਰੁੱਧ ਕੇਸ ਦਰਜ ਕਰਨ ਮਗਰੋਂ ਗਰੋਹ ਦੇ ਮੈਂਬਰਾਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਾਉਣ ਲਈ ਜਪਾਨ ਨੈਸ਼ਨਲ ਪੁਲੀਸ ਏਜੰਸੀ ਤੇ ਮਾਈਕ੍ਰੋਸਾਫਟ ਨਾਲ ਮਿਲ ਕੇ ਕੰਮ ਕੀਤਾ। ਸੀਬੀਆਈ ਨੇ ਬਿਆਨ ’ਚ ਕਿਹਾ, ‘‘ਟਿਕਾਣਿਆਂ ਦੀ ਪਛਾਣ ਮਗਰੋਂ ਏਜੰਸੀ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ 19 ਟਿਕਾਣਿਆਂ ’ਤੇ ਛਾਪੇ ਮਾਰੇ, ਜਿਸ ਦੌਰਾਨ ਕਥਿਤ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਦੋ ਗ਼ੈਰਕਾਨੂੰਨੀ ਕਾਲ ਸੈਂਟਰ ਬੰਦ ਕਰ ਦਿੱਤੇ ਗਏ।’’ ਬਿਆਨ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਦਿੱਲੀ ਦੇ ਆਸ਼ੂ, ਪਾਣੀਪਤ ਦੇ ਕਪਿਲ ਗਾਖੜ, ਅਯੁੱਧਿਆ ਦੇ ਰੋਹਿਤ ਮੌਰਿਆ ਜਦਕਿ ਵਾਰਣਸੀ ਦੇ ਸ਼ੁਭਮ ਜੈਸਵਾਲ, ਵਿਵੇਕ ਰਾਜ ਤੇ ਆਦਰਸ਼ ਕੁਮਾਰ ਵਜੋਂ ਹੋਈ ਹੈ। ਸੀਬੀਆਈ ਨੇ ਕਿਹਾ ਕਿ ਇਹ ਸਿੰਡੀਕੇਟ ਫਰਜ਼ੀ ਕਾਲ ਸੈਂਟਰ ਚਲਾਉਂਦਾ ਸੀ, ਜਿਨ੍ਹਾਂ ਰਾਹੀਂ ਪੀੜਤਾਂ ਨੂੰ ਉਨ੍ਹਾਂ ਦੇ ਇਲੈਕਟ੍ਰੌਨਿਕ ਉਪਕਰਨਾਂ ਨਾਲ ਛੇੜਛਾੜ ਹੋਈ ਦਾ ਭਰੋਸਾ ਦਿਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ।