ਚੰਡੀਗੜ੍ਹ/ਮੁੰਬਈ/ਅਹਿਮਦਾਬਾਦ/ਭੁਬਨੇਸ਼ਵਰ : ਦੇਸ਼ ਭਰ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਣ ਲੱਗਿਆ ਹੈ। ਅੱਜ ਵੱਖ-ਵੱਖ ਸੂਬਿਆਂ ਵਿੱਚ ਕਰੋਨਾਵਾਇਰਸ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫ਼ਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਕਰੋਨਵਾਇਰਸ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਲਾਗ ਨਾਲ ਪ੍ਰਭਾਵਿਤ ਵਿਅਕਤੀਆਂ ’ਚ ਹਲਕੇ ਲੱਛਣ ਪਾਏ ਗਏ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰੋਂ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਮਿਲੀ ਜਾਣਕਾਰੀ ਮੁਤਾਬਕ, ਸਾਰੇ ਮਰੀਜ਼ ਕੋਵਿਡ ਦੇ ਓਮੀਕਰੋਨ ਸਰੂਪ ਨਾਲ ਪੀੜਤ ਪਾਏ ਗਏ ਹਨ। ਸੂਤਰਾਂ ਮੁਤਾਬਕ, ਉਨ੍ਹਾਂ ਵੱਲੋਂ ਕੋਈ ਯਾਤਰਾ ਨਹੀਂ ਕੀਤੀ ਗਈ ਸੀ। ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਹਾਲ ਹੀ ’ਚ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 22 ਫੀਸਦ ਘਰਾਂ ’ਚ ਇਕ ਜਾਂ ਇਕ ਤੋਂ ਵੱਧ ਵਿਅਕਤੀ ਕੋਵਿਡ ਜਾਂ ਫਲੂ ਜਾਂ ਵਾਇਰਲ ਬੁਖਾਰ ਦੇ ਲੱਛਣਾਂ ਤੋਂ ਪੀੜਤ ਹਨ। ਇਹ ਜਾਣਕਾਰੀ ਇਕ ਕਮਿਊਨਿਟੀ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਦਿੱਤੀ ਗਈ। ਸੂਬੇ ਦੀ ਸਿਹਤ ਅਥਾਰਿਟੀ ਮੁਤਾਬਕ, ਮਹਾਰਾਸ਼ਟਰ ਵਿੱਚ ਅੱਜ ਕੋਵਿਡ-19 ਦੇ 26 ਮਾਮਲੇ ਸਾਹਮਣੇ ਆਏ। ਇਨ੍ਹਾਂ ਨਾਲ ਜਨਵਰੀ 2025 ਤੋਂ ਹੁਣ ਤੱਕ ਸੂਬੇ ’ਚ ਕੋਵਿਡ ਦੇ 132 ਮਾਮਲੇ ਸਾਹਮਣੇ ਆ ਚੁੱਕੇ ਹਨ।
ਗੁਜਰਾਤ ਵਿੱਚ ਲੰਬੇ ਸਮੇਂ ਬਾਅਦ ਕਰੋਨਾ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਡਰ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਕਰੋਨਾ ਦਾ ਮੌਜੂਦਾ ਸਰੂਪ ਘੱਟ ਘਾਤਕ ਹੈ। ਉੱਧਰ, ਉੜੀਸਾ ਵਿੱਚ ਢਾਈ ਸਾਲ ਦੇ ਵਕਫ਼ੇ ਤੋਂ ਬਾਅਦ ਹੁਣ ਕੋਵਿਡ-19 ਦਾ ਇਕ ਮਰੀਜ਼ ਸਾਹਮਣੇ ਆਇਆ ਹੈ।