ਨਵੀਂ ਦਿੱਲੀ : ਭਾਰਤ ਨੇ ਕੈਨੇਡਾ ਵਿਚ ਖਾਲਿਸਤਾਨੀ ਅਨਸਰਾਂ ਤੇ ਸਮਰਥਕਾਂ ਵੱਲੋਂ ਕਰਵਾਈ ਭਾਰਤ ਵਿਰੋਧੀ ਪਰੇਡ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਕੋਲ ਸਖ਼ਤ ਰੋਸ ਜਤਾਇਆ ਹੈ। ਇਸ ਪਰੇਡ ਵਿੱਚ 8,00,000 ਹਿੰਦੂਆਂ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕੀਤੀ ਗਈ ਸੀ। ਪਰੇਡ ਵਿੱਚ ਇੱਕ ਟਰੱਕ ਵੀ ਸ਼ਾਮਲ ਸੀ ਜਿਸ ਉੱਤੇ ਇੱਕ ਜੇਲ੍ਹ ਦੀ ਨਕਲੀ ਤਸਵੀਰ ਸੀ ਅਤੇ ਉਸ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਪੁਤਲੇ ਲਗਾਏ ਗਏ ਸਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ, ‘‘ਅਸੀਂ ਟੋਰਾਂਟੋ ਵਿੱਚ ਆਯੋਜਿਤ ਪਰੇਡ ਦੇ ਸਬੰਧ ਵਿੱਚ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੂੰ ਆਪਣੇ ਫ਼ਿਕਰਾਂ ਤੋਂ ਜ਼ੋਰਦਾਰ ਢੰਗ ਨਾਲ ਜਾਣੂ ਕਰਵਾਇਆ ਹੈ, ਜਿੱਥੇ ਸਾਡੀ ਲੀਡਰਸ਼ਿਪ ਅਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਵਿਰੁੱਧ ਅਸਵੀਕਾਰਨਯੋਗ ਤਸਵੀਰਾਂ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ।’’
ਉਨ੍ਹਾਂ ਕਿਹਾ, ‘‘ਅਸੀਂ ਇੱਕ ਵਾਰ ਫਿਰ ਕੈਨੇਡੀਅਨ ਅਧਿਕਾਰੀਆਂ ਨੂੰ ਭਾਰਤ ਵਿਰੋਧੀ ਅਨਸਰਾਂ, ਜੋ ਨਫ਼ਰਤ ਫੈਲਾਉਂਦੇ ਹਨ ਅਤੇ ਕੱਟੜਤਾ ਅਤੇ ਵੱਖਵਾਦੀ ਏਜੰਡੇ ਦੀ ਵਕਾਲਤ ਕਰਦੇ ਹਨ, ਵਿਰੁੱਧ ਕਾਰਵਾਈ ਦਾ ਸੱਦਾ ਦਿੰਦੇ ਹਾਂ।’’ ਇਸ ਤੋਂ ਪਹਿਲਾਂ ਦਿਨ ਵੇਲੇ, ਕੈਨੇਡਾ ਦੇ ਟੋਰਾਂਟੋ ਦੇ ਮਾਲਟਨ ਗੁਰਦੁਆਰੇ ਵਿੱਚ ਇੱਕ ਹਿੰਦੂ ਵਿਰੋਧੀ ਪਰੇਡ ਦਾ ਆਯੋਜਨ ਕੀਤਾ ਗਿਆ। ਪਰੇਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਹ ਘਟਨਾ ਇੱਕ ਸਿੱਖ ਗੁਰਦੁਆਰੇ ਅਤੇ ਇੱਕ ਹਿੰਦੂ ਮੰਦਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ ਹੈ।
ਪਰੇਡ ਦਾ ਵੀਡੀਓ ਕੈਨੇਡਾ ਦੇ ਇੱਕ ਹਿੰਦੂ ਭਾਈਚਾਰੇ ਦੇ ਆਗੂ ਵੱਲੋਂ ਪੋਸਟ ਕੀਤਾ ਗਿਆ ਸੀ, ਜਿਸ ਵਿੱਚ ਖਾਲਿਸਤਾਨੀ ਅਤਿਵਾਦੀ ਸਮੂਹ ਵੱਲੋਂ ‘ਹਿੰਦੂ ਵਿਰੋਧੀ ਨਫ਼ਰਤ’ ਨੂੰ ਉਜਾਗਰ ਕੀਤਾ ਗਿਆ ਸੀ। ਭਾਰਤ ਵਿਰੋਧੀ ਇਹ ਪਰੇਡ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਵੱਲੋਂ ਦੇਸ਼ ਵਿੱਚ ਚੋਣਾਂ ਜਿੱਤਣ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨਾਲ ਸਬੰਧ ਮੁੜ ਸੁਰਜੀਤ ਹੋਣਗੇ। ਇਸ ਸਾਲ ਅਪਰੈਲ ਵਿੱਚ, ਕੈਨੇਡਾ ਦੇ ਸਰੀ ਵਿੱਚ ਸਾਲਾਨਾ ਖਾਲਸਾ ਦਿਵਸ ਵਿਸਾਖੀ ਪਰੇਡ ਵਿੱਚ ਖਾਲਿਸਤਾਨੀ ਝੰਡੇ ਅਤੇ ਭਾਰਤ ਵਿਰੋਧੀ ਦ੍ਰਿਸ਼ ਵੀ ਦੇਖੇ ਗਏ ਸਨ। ਪਰੇਡ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ‘ਵਾਂਟੇਡ’ ਪੋਸਟਰ ਦਿਖਾਏ ਜਾਣ ਤੋਂ ਬਾਅਦ ਇਸ ਸਮਾਗਮ ਦੀ ਵੀ ਆਲੋਚਨਾ ਹੋਈ ਸੀ।