ਅੰਮ੍ਰਿਤਸਰ : ਬੀਐਸਐਫ ਅਤੇ ਪੰਜਾਬ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਸਰਹੱਦੀ ਇਲਾਕੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਚਾਰ ਕਾਰਤੂਸ, ਡਰੱਗ ਮਨੀ, ਸਮਾਰਟ ਫੋਨ, ਮੋਟਰਸਾਈਕਲ, ਟਰੈਕਟਰ ਅਤੇ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਇੱਕ ਖੁਫੀਆ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਬੀਐਸਐਫ ਨੇ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਸਰਹੱਦੀ ਪਿੰਡ ਅਵਾਨ ਬਾਸੂ ਦੇ ਖੇਤਰ ਵਿੱਚ ਅਪਰੇਸ਼ਨ ਕੀਤਾ ਹੈ। ਉਥੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, ਚਾਰ ਜ਼ਿੰਦਾ ਕਾਰਤੂਸ, 2000 ਰੁਪਏ ਡਰੱਗ ਮਨੀ, ਚਾਰ ਸਮਾਰਟ ਫੋਨ, ਇੱਕ ਮੋਟਰਸਾਈਕਲ, ਇਕ ਟਰੈਕਟਰ ਅਤੇ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਫੜੇ ਗਏ ਤਸਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ ਅਤੇ ਚੱਕ ਡੋਗਰ ਦੇ ਵਸਨੀਕ ਹਨ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਤੋਂ ਹਥਿਆਰ, ਗੋਲਾ ਬਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਨਾਰਕੋ ਤਸਕਰਾਂ ਦੀ ਗ੍ਰਿਫਤਾਰੀ ਕਰਕੇ ਸਰਹੱਦ ਪਾਰੋਂ ਤਸਕਰੀ ਗਤੀਵਿਧੀਆਂ ਨੂੰ ਅਸਫਲ ਬਣਾ ਦਿੱਤਾ ਹੈ।