ਨਵੀਂ ਦਿੱਲੀ : ਬੀਐੱਸਐੱਫ ਨੇ ਸ਼ੁੱਕਰਵਾਰ ਰਾਤ ਨੂੰ ਜਵਾਬੀ ਹਮਲੇ ਵਿੱਚ ਪਾਕਿਸਤਾਨ ਦੇ ਸਿਆਲਕੋਟ ਵਿੱਚ ਅਖਨੂਰ ਸੈਕਟਰ ਦੇ ਬਿਲਕੁਲ ਸਾਹਮਣੇ ਇੱਕ ਦਹਿਸ਼ਤੀ ਟਿਕਾਣੇ ਨੂੰ ਤਬਾਹ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ 9 ਵਜੇ ਦੇ ਕਰੀਬ, ਪਾਕਿਸਤਾਨ ਨੇ ਜੰਮੂ ਸੈਕਟਰ ਵਿੱਚ ਬੀਐਸਐਫ ਦੀਆਂ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ। ਬੀਐੱਸਐੱਫ ਦੇ ਜਵਾਨਾਂ ਨੇ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ, ਜਿਸ ਨਾਲ ਕੌਮਾਂਤਰੀ ਸਰਹੱਦ (ਆਈਬੀ) ਦੇ ਨਾਲ ਪਾਕਿਸਤਾਨ ਰੇਂਜਰਾਂ ਦੀਆਂ ਚੌਕੀਆਂ ਅਤੇ ਜਾਇਦਾਦ ਨੂੰ ਵਿਆਪਕ ਨੁਕਸਾਨ ਪਹੁੰਚਿਆ।
ਬੀਐੱਸਐੱਫ ਦੇ ਜਵਾਨਾਂ ਨੇ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਲੂਨੀ ਵਿੱਚ ਅਤਿਵਾਦੀਆਂ ਦੇ ਲਾਂਚ ਪੈਡ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਤੋਂ ਪਹਿਲਾਂ 8 ਮਈ ਦੀ ਦੇਰ ਰਾਤ ਨੂੰ, ਬੀਐੱਸਐੱਫ ਨੇ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ (ਆਈਬੀ) ’ਤੇ ਸੱਤ ਦਹਿਸ਼ਤਗਰਦ ਮਾਰੇ ਗਏ ਸਨ।