ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਬੀਐੱਸਐੱਫ ਜਵਾਨ ਪੂਰਨਮ ਕੁਮਾਰ ਸ਼ਾਹ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਰਤ ਆਇਆ ਹੈ। ਸ਼ਾਹ ਦੀ ਵਾਪਸੀ 21 ਦਿਨਾਂ ਬਾਅਦ ਹੋਈ ਹੈ। ਪਾਕਿਸਤਾਨੀ ਰੇਂਜਰਾਂ ਨੇ ਸ਼ਾਹ ਨੂੰ ਅੱਜ ਸਵੇਰੇ 10:30 ਵਜੇ ਦੇ ਕਰੀਬ ਬੀਐੱਸਐੱਫ ਹਵਾਲੇ ਕਰ ਦਿੱਤਾ ਹੈ। ਬੀਐੱਸਐੱਫ ਤਰਜਮਾਨ ਨੇ ਕਿਹਾ ਕਿ ਸ਼ਾਅ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਰਸਮ ਸ਼ਾਂਤੀਪੂਰਵਕ ਢੰਗ ਨਾਲ ਤੇ ਸਥਾਪਤ ਨੇਮਾਂ ਮੁਤਾਬਕ ਸਿਰੇ ਚੜ੍ਹੀ। ਪਾਕਿ ਰੇਂਜਰਾਂ ਨੇ ਸ਼ਾਅ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਇੱਕ ਦਿਨ ਬਾਅਦ 23 ਅਪਰੈਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ।

ਬੀਐੱਸਐੱਫ ਦਾ ਜਵਾਨ ਪੀ ਕੇ ਸ਼ਾਹ 23 ਅਪਰੈਲ ਨੂੰ ਭੁਲੇਖੇ ਨਾਲ ਫਿਰੋਜ਼ਪੁਰ ਸਰਹੱਦੀ ਖੇਤਰ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ ਸੀ। ਮਗਰੋਂ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ। ਜੰਗਬੰਦੀ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਉਸ ਨੂੰ ਛੱਡਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਸੀ।

ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਉੂਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪਾਕਿਸਤਾਨੀ ਰੇਂਜਰਾਂ ਨਾਲ ਲਗਾਤਾਰ ਫਲੈਗ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਹੋਰ ਸਾਧਨਾਂ ਰਾਹੀਂ ਵੀ ਉਸ ਦੀ ਵਾਪਸੀ ਵਾਸਤੇ ਯਤਨ ਕੀਤੇ ਗਏ ਸਨ, ਜੋ ਸਫਲ ਹੋ ਗਏ ਹਨ। ਉਸ ਨੂੰ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਬੀਐੱਸਐੱਫ ਦਾ ਇਹ ਜਵਾਨ ਫਿਰੋਜ਼ਪੁਰ ਸਰਹੱਦੀ ਖੇਤਰ ਵਿੱਚ ਜਲੋਕੇ ਬੀਓਪੀ ਵਿਖੇ ਕਿਸਾਨ ਡਿਊਟੀ ’ਤੇ ਤਾਇਨਾਤ ਸੀ। ਉਸ ਨੂੰ ਕੁਝ ਸਮਾਂ ਪਹਿਲਾਂ ਹੀ ਆਪਣੀ ਯੂਨਿਟ ਨਾਲ ਇੱਥੇ ਤਾਇਨਾਤ ਕੀਤਾ ਗਿਆ ਸੀ। ਉਹ ਇਸ ਖੇਤਰ ਬਾਰੇ ਪੂਰੀ ਤਰ੍ਹਾ ਜਾਣੂ ਨਹੀਂ ਸੀ।

Share: