ਪੇਈਚਿੰਗ : ਚੀਨ ਨੇ ਕਿਹਾ ਹੈ ਕਿ ਭਾਰਤ ਅਤੇ ਭੂਟਾਨ ਨਾਲ ਸਰਹੱਦੀ ਮੁੱਦੇ ਹੱਲ ਕਰਨ ਲਈ ਵਾਰਤਾ ਲਗਾਤਾਰ ਅੱਗੇ ਵਧ ਰਹੀ ਹੈ। ਇਸ ਦਾ ਖ਼ੁਲਾਸਾ ਚੀਨ ਦੇ ਕੌਮੀ ਸੁਰੱਖਿਆ ਬਾਰੇ ਨਵੇਂ ਵ੍ਹਾਈਟ ਪੇਪਰ ਤੋਂ ਹੋਇਆ ਹੈ। 23 ਪੰਨਿਆਂ ਦਾ ਸੁਰੱਖਿਆ ਦਸਤਾਵੇਜ਼ ਹਾਲ ’ਚ ਜਾਰੀ ਕੀਤਾ ਗਿਆ ਹੈ ਜਿਸ ’ਚ ਚੀਨ ਨੂੰ ਦਰਪੇਸ਼ ਚੁਣੌਤੀਆਂ ਅਤੇ ਖ਼ਤਰਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਵ੍ਹਾਈਟ ਪੇਪਰ ’ਚ ਕਿਹਾ ਗਿਆ, ‘‘ਚੀਨ ਨੇ ਆਪਣੇ 14 ’ਚੋਂ 12 ਗੁਆਂਢੀਆਂ ਨਾਲ ਸਰਹੱਦੀ ਵਿਵਾਦ ਹੱਲ ਕਰ ਲਿਆ ਹੈ। ਭਾਰਤ ਅਤੇ ਭੂਟਾਨ ਨਾਲ ਸਰਹੱਦੀ ਵਿਵਾਦਾਂ ਦੇ ਨਿਬੇੜੇ ਲਈ ਗੱਲਬਾਤ ਜਾਰੀ ਹੈ।’’ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ ’ਤੇ ਸਰਹੱਦੀ ਵਿਵਾਦਾਂ ਦੇ ਹੱਲ ਲਈ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ 23 ਗੇੜ ਦੀ ਵਾਰਤਾ ਕਰ ਚੁੱਕੇ ਹਨ। ਪੇਪਰ ਮੁਤਾਬਕ ਚੀਨ ਨੇ ਵੀਅਤਨਾਮ ਨਾਲ ਬੇਇਬੂ ਗਲਫ਼ ਪਾਣੀਆਂ ਦੀ ਹੱਦਬੰਦੀ ਮੁਕੰਮਲ ਕਰ ਲਈ ਹੈ ਅਤੇ 9 ਗੁਆਂਢੀ ਮੁਲਕਾਂ ਨਾਲ ਸਰਹੱਦੀ ਰੱਖਿਆ ਸਹਿਯੋਗ ’ਤੇ ਦਸਤਖ਼ਤ ਕੀਤੇ ਹਨ। ਇਸੇ ਤਰ੍ਹਾਂ 12 ਮੁਲਕਾਂ ਨਾਲ ਸਰਹੱਦੀ ਰੱਖਿਆ ਵਾਰਤਾ ਕੀਤੀ ਹੈ। ਚੀਨ ਦਾ ਭਾਰਤ ਅਤੇ ਭੂਟਾਨ ਨਾਲ ਸਰਹੱਦੀ ਵਿਵਾਦ ਹਾਲੇ ਹੱਲ ਹੋਣਾ ਬਾਕੀ ਹੈ ਪਰ ਮੁਲਕ ਦਾ ਪੂਰਬੀ ਚੀਨ ਸਾਗਰ ’ਚ ਜਪਾਨ ਅਤੇ ਦੱਖਣੀ ਚੀਨ ਸਾਗਰ ’ਚ ਫਿਲਪੀਨਜ਼, ਵੀਅਤਨਾਮ, ਮਲੇਸ਼ੀਆ, ਬਰੂਨੇਈ ਅਤੇ ਤਾਇਵਾਨ ਸਮੇਤ ਕਈ ਹੋਰ ਮੁਲਕਾਂ ਨਾਲ ਸਮੁੰਦਰੀ ਵਿਵਾਦ ਜਾਰੀ ਹੈ। ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਬਾਰੇ ਵ੍ਹਾਈਟ ਪੇਪਰ ’ਚ ਕਿਹਾ ਗਿਆ ਹੈ ਕਿ ਦੋ ਵੱਡੇ ਮੁਲਕ ਹੋਣ ਕਾਰਨ ਕੋਈ ਵੀ ਇਕ-ਦੂਜੇ ਨੂੰ ਦਬਾਅ ਨਹੀਂ ਸਕਦਾ ਹੈ ਅਤੇ ਉਹ ਮੁੱਦੇ ਸੁਲਝਾਉਣ ਲਈ ਅਮਰੀਕਾ ਨਾਲ ਰਲ ਕੇ ਕੰਮ ਕਰਨ ਦਾ ਇੱਛੁਕ ਹੈ।
Posted inNews