ਭਾਰਤ-ਪਾਕਿਸਤਾਨ ਤਣਾਅ: ਫਿਰੋਜ਼ਪੁਰ ਕੰਟੋਨਮੈਂਟ ਬੋਰਡ ਵੱਲੋਂ ਬਲੈਕਆਊਟ ਰਿਹਰਸਲ

ਭਾਰਤ-ਪਾਕਿਸਤਾਨ ਤਣਾਅ: ਫਿਰੋਜ਼ਪੁਰ ਕੰਟੋਨਮੈਂਟ ਬੋਰਡ ਵੱਲੋਂ ਬਲੈਕਆਊਟ ਰਿਹਰਸਲ

ਫਿਰੋਜ਼ਪੁਰ : ਪਹਿਲਗਾਮ ਵਿਚ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੌਰਾਨ ਫਿਰੋਜ਼ਪੁਰ ਕੈਂਟ ਬੋਰਡ ਨੇ ਐਤਵਾਰ ਨੂੰ 30 ਮਿੰਟ ਦੀ ਬਲੈਕਆਊਟ ਰਿਹਰਸਲ ਕੀਤੀ। ਇਸ ਸਬੰਧੀ ਫਿਰੋਜ਼ਪੁਰ ਛਾਉਣੀ ਬੋਰਡ ਵੱਲੋਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਪੱਤਰ ਭੇਜਿਆ ਗਿਆ ਸੀ। ਛਾਉਣੀ ਖੇਤਰ ਵਿੱਚ ਬਲੈਕਆਊਟ ਰਿਹਰਸਲ ਰਾਤ ਨੌਂ ਵਜੇ ਤੋਂ ਰਾਤ ਸਾਢੇ ਨੌਂ ਵਜੇ ਤੱਕ ਕੀਤੀ ਗਈ। ਪੱਤਰ ਵਿਚ ਕਿਹਾ ਗਿਆ ਸੀ ਕਿ ਕੁੱਲ ਬਲੈਕਆਊਟ ਨੂੰ ਦੇਖਦੇ ਹੋਏ, ਇਸ ਸਮੇਂ ਦੌਰਾਨ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਇਸ ਰਿਹਰਸਲ ਦਾ ਉਦੇਸ਼ ਮੌਜੂਦਾ ਜੰਗ ਦੇ ਖਤਰਿਆਂ ਦੌਰਾਨ ਬਲੈਕਆਊਟ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਲਈ ਤਿਆਰੀ ਅਤੇ ਇਸ ਦੇ ਅਸਰ ਨਾਲ ਨਜਿੱਠਣ ਲਈ ਲੋਕਾਂ ਨੂੰ ਤਿਆਰ ਕਰਨਾ ਹੈ।  ਇਸ ਖੇਤਰ ਦੇ ਫੌਜੀ ਅਧਿਕਾਰੀਆਂ ਨੇ ਇਸ ਰਿਹਰਸਲ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਛਾਉਣੀ ਖੇਤਰ ਵਿੱਚ ਬਿਜਲੀ ਸਪਲਾਈ ਰਾਤ 9 ਵਜੇ ਤੋਂ ਰਾਤ 9:30 ਵਜੇ ਤੱਕ ਬੰਦ ਰਹੀ। ਡਿਪਟੀ ਇੰਸਪੈਕਟਰ ਜਨਰਲ ਹਰਮਨਬੀਰ ਗਿੱਲ ਨੇ ਕਿਹਾ ਕਿ ਪੁਲੀਸ ਸਮਾਜ ਵਿਰੋਧੀ ਅਨਸਰਾਂ, ਅਪਰਾਧੀਆਂ ਅਤੇ ਤਸਕਰਾਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਵਾਹਨਾਂ ਦੀ ਆਵਾਜਾਈ ਨੂੰ ਟਰੈਕ ਕਰਨ ਲਈ ਟੌਲ ਬੈਰੀਅਰਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਕੌਮਾਂਤਰੀ ਸਰਹੱਦ ’ਤੇ ਗਸ਼ਤ ਵਧਾ ਦਿੱਤੀ ਹੈ ਜਦਕਿ ਪੰਜਾਬ ਪੁਲੀਸ ਨੇ ਇਹਤਿਆਤ ਵਜੋਂ ਸਾਰੀਆਂ ਰਣਨੀਤਕ ਥਾਵਾਂ ’ਤੇ ਚੌਕੀਆਂ ਸਥਾਪਤ ਕਰ ਦਿੱਤੀਆਂ ਹਨ।

Share: