ਰਵਨੀਤ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਰਵਨੀਤ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ :  ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਸ਼ਾਮੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਪੰਜਾਬ ਨਾਲ ਜੁੜੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਦੋਵਾਂ ਆਗੂਆਂ ਦਰਮਿਆਨ 40 ਮਿੰਟ ਦੇ ਕਰੀਬ ਚੱਲੀ ਬੈਠਕ ਵਿਚ ਸਰਹੱਦੀ ਰਾਜ ਲਈ ਪਾਣੀ ਦੀ ਕਮੀ, ਸਿੰਧੂ ਜਲ ਸਮਝੌਤੇ ਦੀ ਮੁਅੱਤਲੀ ਨਾਲ ਪੰਜਾਬ ਨੂੰ ਲਾਭ ਮਿਲਣ ਦੀਆਂ ਸੰਭਾਵਨਾਵਾਂ, ਦੋਆਬਾ ਤੇ ਮਾਝਾ ਖੇਤਰਾਂ ਲਈ ਨਹਿਰਾਂ ਦੀ ਉਸਾਰੀ ਤੇ ਲੁਧਿਆਣਾ ਪੱਛਮੀ ਹਲਕੇ ਦੀ ਅਗਾਮੀ ਜ਼ਿਮਨੀ ਚੋਣ ਬਾਰੇ ਵਿਚਾਰ ਚਰਚਾ ਕੀਤੀ ਗਈ। ਬਿੱਟੂ ਨੇ Operation Sindoor ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਵੀ ਕੀਤੀ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨੇ ਬਿੱਟੂ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਬਾਰੇ ਪੁੱਛਿਆ ਸੀ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਭਾਜਪਾ ਨੇ ਅਜੇ ਤੱਕ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਨਾ ਨਾਮ ਨਹੀਂ ਐਲਾਨਿਆ ਤੇ ਪਾਰਟੀ ਚੋਣ ਪ੍ਰੋਗਰਾਮਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ।

ਭਾਖੜਾ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚ ਜਾਰੀ ਟਕਰਾਅ ਦਰਮਿਆਨ ਬਿੱਟੂ ਨੇ ਪਾਣੀਆਂ ਦੇ ਮੁੱਦੇ ’ਤੇ ਸਮੀਖਿਆ ਤਜਵੀਜ਼ ਰੱਖੀ ਕਿ ਕੀ ਸਿੰਧ ਦਰਿਆ ਦੀਆਂ ਪੱਛਮੀ ਸਹਾਇਕ ਨਦੀਆਂ ਦੇ ਪਾਣੀਆਂ ਨੂੰ ਪੰਜਾਬ ਵੱਲ ਮੋੜਿਆ ਜਾ ਸਕਦਾ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਮਾਲਵਾ ਵਾਂਗ, ਦੋਆਬਾ ਅਤੇ ਮਾਝਾ ਖੇਤਰਾਂ ਨੂੰ ਵੀ ਨਹਿਰੀ ਸਿੰਜਾਈ ਪ੍ਰਣਾਲੀਆਂ ਦੇ ਨੈੱਟਵਰਕ ਨਾਲ ਕਵਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਨੀਮ ਫੌਜੀ ਬਲਾਂ ਵਿੱਚ ਭਰਤੀ ਲਈ ਪੰਜਾਬ ਦੇ ਲੋਕਾਂ ਲਈ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਬੇਨਤੀ ਵੀ ਕੀਤੀ। ਇੱਕ ਸੂਤਰ ਨੇ ਕਿਹਾ ਕਿ ਇਸ ਦੌਰਾਨ ਬੰਦੀ ਸਿੱਖਾਂ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ।

ਬਿੱਟੂ ਨੇ ਮਗਰੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਪਾਕਿਸਤਾਨ ਉੱਤੇ ਭਾਰਤ ਦੀ ਹਾਲੀਆ ਜਿੱਤ ’ਤੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਮੁਸ਼ਕਲ ਹਾਲਾਤ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਿਸਾਲੀ ਅਗਵਾਈ ਦੀ ਸ਼ਲਾਘਾ ਕੀਤੀ।’’ ਬਿੱਟੂ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਦੋ ਕਿਤਾਬਾਂ- ਗੁਰੂ ਨਾਨਕ ਦਾ ਬਲੈਸਡ ਟ੍ਰੇਲ ਅਤੇ ਦਿ ਗੋਲਡਨ ਟੈਂਪਲ ਵੀ ਭੇਟ ਕੀਤੀਆਂ।

Share: