ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀਆਂ ਭਾਰਤ ਤੇ ਪਾਕਿਸਤਾਨ ਵਿਚ ਵਧਣੀ ਤਲਖੀ ਦਰਮਿਆਨ ਏਅਰ ਫਰਾਂਸ ਤੇ ਜਰਮਨੀ ਦੀ ਲੁਫਾਂਸਾ ਸਣੇ ਕੁਝ ਆਲਮੀ ਏਅਰਲਾਈਨਾਂ ਆਪਣੇ ਨਿਰਧਾਰਿਤ ਰੂਟ ਬਦਲਣ ਲੱਗੀਆਂ ਹਨ। ਇਨ੍ਹਾਂ ਏਅਰਲਾਈਨਾਂ ਨੇ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਫਲਾਈਟ ਟਰੈਕਿੰਗ ਵੈੱਬਸਾਈਟਾਂ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ।
ਉਪਰੋਕਤ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਵਰਗੇ ਉਪਾਅ ਕੀਤੇ, ਜਦੋਂ ਕਿ ਪਾਕਿਸਤਾਨ ਨੇ ਆਪਣੇ ਗੁਆਂਢੀ ਦੀ ਮਲਕੀਅਤ ਵਾਲੇ ਜਾਂ ਸੰਚਾਲਿਤ ਜਹਾਜ਼ਾਂ ’ਤੇ ਪਾਬੰਦੀ ਤੋਂ ਇਲਾਵਾ ਵਪਾਰ ਮੁਅੱਤਲ ਕਰ ਦਿੱਤਾ ਅਤੇ ਭਾਰਤੀਆਂ ਲਈ ਵਿਸ਼ੇਸ਼ ਵੀਜ਼ੇ ਰੋਕ ਦਿੱਤੇੇ। ਪਾਕਿਸਤਾਨ ਨੇ ਹਾਲਾਂਕਿ ਕੌਮਾਂਤਰੀ ਏਅਰਲਾਈਨਾਂ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ।ਲੁਫਾਂਸਾ ਗਰੁੱਪ ਦੀਆਂ ਏਅਰਲਾਈਨਾਂ ਨੇ ਰਾਇਟਰਜ਼ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਉਹ ‘ਅਗਲੇ ਨੋਟਿਸ ਤੱਕ ਪਾਕਿਸਤਾਨੀ ਹਵਾਈ ਖੇਤਰ ਤੋਂ ਬਚ ਰਹੀਆਂ ਹਨ।’’ ਹਾਲਾਂਕਿ ਨਤੀਜੇ ਵਜੋਂ ਏਸ਼ੀਆ ਦੇ ਕੁਝ ਰੂਟਾਂ ’ਤੇ ਉਡਾਣ ਦਾ ਸਮਾਂ ਵਧੇਗਾ। ਫਲਾਈਟ-ਟਰੈਕਿੰਗ ਵੈੱਬਸਾਈਟ ਫਲਾਈਟਰਾਡਾਰ24 ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਫਰੈਂਕਫਰਟ ਤੋਂ ਨਵੀਂ ਦਿੱਲੀ ਜਾਣ ਵਾਲੀ ਲੁਫਾਂਸਾ ਫਲਾਈਟ LH760 ਨੂੰ ਐਤਵਾਰ ਨੂੰ ਆਮ ਨਾਲੋਂ ਕਰੀਬ ਇੱਕ ਘੰਟਾ ਜ਼ਿਆਦਾ ਉਡਾਣ ਭਰਨੀ ਪਈ। ਫਲਾਈਟ-ਟਰੈਕਿੰਗ ਡੇਟਾ ਤੋਂ ਪਤਾ ਚੱਲਿਆ ਹੈ ਕਿ ਬ੍ਰਿਟਿਸ਼ ਏਅਰਵੇਜ਼, ਸਵਿਸ ਇੰਟਰਨੈਸ਼ਨਲ ਏਅਰ ਲਾਈਨਜ਼ ਅਤੇ ਅਮੀਰਾਤ ਦੀਆਂ ਕੁਝ ਉਡਾਣਾਂ ਅਰਬ ਸਾਗਰ ਤੋਂ ਯਾਤਰਾ ਕਰਦੀਆਂ ਹਨ ਅਤੇ ਫਿਰ ਪਾਕਿਸਤਾਨੀ ਹਵਾਈ ਖੇਤਰ ਤੋਂ ਬਚਣ ਲਈ ਦਿੱਲੀ ਵੱਲ ਉੱਤਰ ਵੱਲ ਮੁੜਦੀਆਂ ਹਨ।