ਨਵੀਂ ਦਿੱਲੀ : ਹਵਾਬਾਜ਼ੀ ਨਿਗਰਾਨ ਬੀਸੀਏਐੱਸ ਨੇ ਅੱਜ ‘ਰਾਸ਼ਟਰੀ ਸੁਰੱਖਿਆ ਦੇ ਹਿੱਤ’ ਤਹਿਤ ਤੁਰਕੀ ਦੀ ਗਰਾਊਂਡ ਹੈਂਡਲਿੰਗ ਕੰਪਨੀ Celebi Airport Services India Pvt Ltd ਲਈ ਸੁਰੱਖਿਆ ਕਲੀਅਰੈਂਸ ਰੱਦ ਕਰ ਦਿੱਤੀ ਹੈ।
ਇਹ ਫੈਸਲਾ ਤੁਰਕੀ ਵੱਲੋਂ ਇਸਲਾਮਾਬਾਦ ਦਾ ਸਮਰਥਨ ਕਰਨ ਅਤੇ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ ’ਤੇ ਭਾਰਤ ਦੇ ਹਾਲੀਆ ਹਮਲਿਆਂ ਦੀ ਨਿੰਦਾ ਕਰਨ ਤੋਂ ਕੁਝ ਦਿਨ ਬਾਅਦ ਆਇਆ। ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ, ਜੋ ਕਿ ਤੁਰਕੀ-ਆਧਾਰਿਤ ਸੇਲੇਬੀ ਦਾ ਹਿੱਸਾ ਹੈ, ਨੌਂ ਹਵਾਈ ਅੱਡਿਆਂ: ਮੁੰਬਈ, ਦਿੱਲੀ, ਕੋਚੀਨ, ਕੰਨੂਰ, ਬੰਗਲੂਰੂ, ਹੈਦਰਾਬਾਦ, ਗੋਆ (GOX), ਅਹਿਮਦਾਬਾਦ ਅਤੇ ਚੇਨੱਈ ’ਤੇ ਸੇਵਾਵਾਂ ਮੁਹੱਈਆ ਕਰਦੀ ਹੈ। ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (ਬੀਸੀਏਐੱਸ) ਨੇ ਇੱਕ ਹੁਕਮ ਵਿੱਚ ਕਿਹਾ, ‘‘ਰਾਸ਼ਟਰੀ ਸੁਰੱਖਿਆ ਹਿੱਤ ਤਹਿਤ ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸੁਰੱਖਿਆ ਕਲੀਅਰੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ।’’
ਤੁਰਕੀ ਅਤੇ ਅਜ਼ਰਬਾਇਜਾਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਅਤੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਭਾਰਤ ਦੇ ਹਾਲੀਆ ਹਮਲਿਆਂ ਦੀ ਨਿੰਦਾ ਕੀਤੀ।
ਪਾਕਿਸਤਾਨ ਨੇ ਵੀ ਜੰਗ ਦੌਰਾਨ ਵੱਡੇ ਪੱਧਰ ’ਤੇ ਤੁਰਕੀ ਡਰੋਨਾਂ ਦੀ ਵਰਤੋਂ ਕੀਤੀ।
ਤੁਰਕੀ ਵੱਲੋਂ ਇਸਲਾਮਾਬਾਦ ਦਾ ਸਮਰਥਨ ਕਰਨ ਅਤੇ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ ’ਤੇ ਭਾਰਤ ਦੇ ਹਾਲੀਆ ਹਮਲਿਆਂ ਦੀ ਨਿੰਦਾ ਕਰਨ ਦੇ ਮੱਦੇਨਜ਼ਰ ਕੁਝ ਹਿੱਸਿਆਂ ਵਿੱਚ ਤੁਰਕੀ ਦੇ ਸਾਮਾਨ ਅਤੇ ਸੈਰ-ਸਪਾਟੇ ਦਾ ਬਾਈਕਾਟ ਕਰਨ ਦੀਆਂ ਮੰਗਾਂ ਹਨ। ਕੁਝ ਆਨਲਾਈਨ ਟਰੈਵਲ ਪੋਰਟਲਾਂ ਅਤੇ ਐਸੋਸੀਏਸ਼ਨਾਂ ਨੇ ਲੋਕਾਂ ਨੂੰ ਤੁਰਕੀ ਨਾ ਜਾਣ ਲਈ ਸਲਾਹ ਵੀ ਜਾਰੀ ਕੀਤੀ ਹੈ। -ਪੀਟੀਆਈ
ਦਿੱਲੀ ਹਵਾਈ ਅੱਡੇ ਵੱਲੋਂ ਤੁਰਕੀ ਫਰਮ ਸੇਲੇਬੀ ਨਾਲ ਸਮਝੌਤਾ ਰੱਦ
ਦਿੱਲੀ ਹਵਾਈ ਅੱਡੇ ਦੇ ਸੰਚਾਲਕ DIALਨੇ ਅੱਜ ਕਿਹਾ ਕਿ ਹਵਾਬਾਜ਼ੀ ਨਿਗਰਾਨੀ ਸੰਸਥਾ BCAS ਦੁਆਰਾ ਕੰਪਨੀ ਦੀ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਤੋਂ ਬਾਅਦ ਉਸ ਨੇ ਜ਼ਮੀਨੀ ਹੈਂਡਲਿੰਗ ਅਤੇ ਕਾਰਗੋ ਸੰਚਾਲਨ ਲਈ ਤੁਰਕੀ ਫਰਮ ਸੇਲੇਬੀ ਨਾਲ ਆਪਣਾ ਸਬੰਧ ਰਸਮੀ ਤੌਰ ’ਤੇ ਖਤਮ ਕਰ ਦਿੱਤਾ ਹੈ।
ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸੇਲੇਬੀ ਦਿੱਲੀ ਕਾਰਗੋ ਟਰਮੀਨਲ ਮੈਨੇਜਮੈਂਟ ਇੰਡੀਆ ਪ੍ਰਾਈਵੇਟ ਲਿਮਟਿਡ ਕ੍ਰਮਵਾਰ ਜ਼ਮੀਨੀ ਹੈਂਡਲਿੰਗ ਅਤੇ ਕਾਰਗੋ ਟਰਮੀਨਲ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ।
ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਬਿਊਰੋ ਆਡ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਅੱਜ ਸੇਲੇਬੀ ਏਅਰਪੋਰਟ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰ ਦਿੱਤੀ।
DIAL ਨੇ ਕਿਹਾ ਕਿ BCAS ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ’ਤੇ ਜ਼ਮੀਨੀ ਹੈਂਡਲਿੰਗ ਅਤੇ ਕਾਰਗੋ ਸੰਚਾਲਨ ਲਈ ਜ਼ਿੰਮੇਵਾਰ ਸੇਲੇਬੀ ਸੰਸਥਾਵਾਂ ਨਾਲ ਆਪਣਾ ਸਮਝੌਤਾ ਰਸਮੀ ਤੌਰ ’ਤੇ ਰੱਦ ਕਰ ਦਿੱਤਾ ਹੈ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਨੇ ਇੱਕ ਬਿਆਨ ਵਿੱਚ ਕਿਹਾ, ‘‘ਸਮਝੌਤਾ ਰੱਦ ਕਰਨ ਤੋਂ ਬਾਅਦ DIAL ਮੌਜੂਦਾ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਕਰਮਚਾਰੀ ਭਲਾਈ ਦੀ ਰੱਖਿਆ ਕਰਦਿਆਂ ਨਿਰਵਿਘਨ ਕਾਰਜਾਂ ਨੂੰ ਯਕੀਨੀ ਬਣਾਇਆ ਜਾ ਸਕੇ।’’