ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਨੂੰ ਅਮਲ ’ਚ ਲਿਆਉਣ ਲਈ ਅੱਜ ਭਾਖੜਾ ਡੈਮ ਦੇ ਐਕਸੀਅਨ ’ਤੇ ਦਬਾਅ ਵਧਾ ਦਿੱਤਾ ਹੈ। ਬੀਬੀਐੱਮਬੀ ਨੇ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਜੋ ਕਿ ਪੰਜਾਬ ਦੇ ਹਨ, ਨੂੰ ਬਾਈਪਾਸ ਕਰਕੇ ਅੱਜ ਐਕਸੀਅਨ ਨੂੰ ਸਿੱਧੇ ਹੁਕਮ ਚਾੜ੍ਹਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦਾ ਐਕਸੀਅਨ ਅਮਿਤ ਸਹੋਤਾ ਬੀਬੀਐੱਮਬੀ ਦੇ ਅੱਗੇ ਪੂਰੀ ਤਰ੍ਹਾਂ ਅੜ ਗਿਆ ਹੈ ਅਤੇ ਉਸ ਨੇ ਭਾਖੜਾ ਡੈਮ ਦੇ ਗੇਟ ਖੋਲ੍ਹਣ ਤੋਂ ਨਾਂਹ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਨੰਗਲ ਡੈਮ ਦਾ ਦੌਰਾ ਕੀਤੇ ਜਾਣ ਮਗਰੋਂ ਪੰਜਾਬ ਦੇ ਅਫ਼ਸਰਾਂ ਦੇ ਹੌਸਲੇ ਹੋਰ ਵਧ ਗਏ ਹਨ। ਬੀਬੀਐੱਮਬੀ ਵੱਲੋਂ ਨਵੇਂ ਲਾਏ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ ਨੇ ਵੀ ਐਕਸੀਅਨ ਅਮਿਤ ਸਹੋਤਾ ’ਤੇ ਦਬਾਅ ਵਧਾ ਦਿੱਤਾ ਹੈ। ਪਤਾ ਲੱਗਿਆ ਹੈ ਕਿ ਅੱਜ ਇਸ ਐਕਸੀਅਨ ਨੂੰ ਧਮਕਾਇਆ ਵੀ ਗਿਆ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਪ੍ਰੰਤੂ ਐਕਸੀਅਨ ਅਮਿਤ ਸਹੋਤਾ ਪੂਰੀ ਤਰ੍ਹਾਂ ਪੰਜਾਬ ਲਈ ਕੰਧ ਬਣ ਕੇ ਖੜ੍ਹ ਗਿਆ ਹੈ। ਉਂਝ ਇਹ ਦੇਖਣਾ ਹੋਵੇਗਾ ਕਿ ਅਮਿਤ ਸਹੋਤਾ ਕੇਂਦਰ ਸਰਕਾਰ ਦੇ ਦਬਾਅ ਨੂੰ ਕਿਸ ਹੱਦ ਤੱਕ ਝੱਲ ਪਾਉਂਦਾ ਹੈ। ਦੱਸਣਯੋਗ ਹੈ ਕਿ ਬੀਬੀਐੱਮਬੀ 50 ਘੰਟੇ ਬੀਤ ਜਾਣ ਮਗਰੋਂ ਵੀ ਹਰਿਆਣਾ ਨੂੰ ਵਾਧੂ ਪਾਣੀ ਛੱਡਣ ’ਚ ਨਾਕਾਮ ਰਿਹਾ ਹੈ।
Posted inNews
ਬੀਬੀਐੱਮਬੀ ਪਾਣੀ ਵਿਵਾਦ: ਪੰਜਾਬ ਲਈ ਅੜਿਆ ਐਕਸੀਅਨ
