ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਪੰਜਾਬ ਪੁਲੀਸ ਨੇ ਨੰਗਲ ਡੈਮ ਦੇ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਨੰਗਲ ਡੈਮ ਦੇ ਬਾਹਰ ਪੁਲੀਸ ਵਲੋਂ ਅਧਿਕਾਰੀ ਤੇ ਮੁਲਾਜ਼ਮ ਵੀ ਰੋਕੇ ਗਏ ਹਨ।
ਅੱਜ ਕਰੀਬ 9 ਵਜੇ ਬੀਬੀਐੱਮਬੀ ਦੇ ਚੇਅਰਮੈਨ ਬਹੁਤ ਹੀ ਗੁਪਤ ਤਰੀਕੇ ਨਾਲ ਨੰਗਲ ਡੈਮ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਜਦੋਂ ਚੇਅਰਮੈਨ ਨੰਗਲ ਡੈਮ ’ਤੇ ਪੁੱਜੇ, ਤਾਂ ਪਹਿਲਾਂ ਹੀ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪਤਾ ਲੱਗਿਆ ਹੈ ਕਿ ਚੇਅਰਮੈਨ ਨੇ ਪੁਲੀਸ ਅਧਿਕਾਰੀਆਂ ਨੂੰ ਹਾਈਕੋਰਟ ਵਲੋਂ ਹਾਲ ਹੀ ਵਿੱਚ ਸੁਣਾਏ ਫ਼ੈਸਲੇ ਦਾ ਹਵਾਲਾ ਵੀ ਦਿੱਤਾ। ਪੁਲੀਸ ਨੇ ਡੈਮ ਨੇੜਲੇ ਖੇਤਰ ਨੂੰ ਸੀਲ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲੀਸ ਦੀ ਤਾਇਨਾਤੀ ਪਹਿਲਾਂ ਹੀ ਡੈਮ ’ਤੇ ਸੀ । ਹਾਈਕੋਰਟ ਨੇ ਪੰਜਾਬ ਪੁਲੀਸ ਨੂੰ ਡੈਮ ਦੇ ਸੰਚਾਲਨ ਅਤੇ ਰੈਗੂਲੇਸ਼ਨ ’ਚ ਦਖ਼ਲ ਦੇਣ ਤੋਂ ਰੋਕਿਆ ਹੈ, ਪਰ ਅਦਾਲਤ ਨੇ ਡੈਮ ਦੀ ਸੁਰੱਖਿਆ ਲਈ ਪੰਜਾਬ ਪੁਲੀਸ ’ਤੇ ਕੋਈ ਰੋਕ ਨਹੀਂ ਲਗਾਈ। ਵੇਰਵਿਆਂ ਅਨੁਸਾਰ ਬੀਬੀਐਮਬੀ ਦੇ ਚੇਅਰਮੈਨ ਨੇ ਫ਼ੋਨ ਜ਼ਰੀਏ ਉੱਚ ਅਥਾਰਟੀ ਨੂੰ ਜਾਣਕਾਰੀ ਦੇ ਦਿੱਤੀ ਹੈ।
ਤ੍ਰਿਪਾਠੀ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਹਰਿਆਣਾ ਨੂੰ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਮਕਸਦ ਨਾਲ ਡੈਮ ‘ਤੇ ਪਹੁੰਚੇ ਸਨ। ਉਨ੍ਹਾਂ ਅੱਜ ਸਵੇਰ ਵਖ਼ਤ ਹੀ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਨੂੰ ਆਪਣੇ ਇਸ ਦੌਰੇ ਤੋਂ ਜਾਣੂੰ ਕਰਵਾਇਆ ਸੀ। ਉਧਰ ਚੇਅਰਮੈਨ ਦੇ ਇਸ ਦੌਰੇ ਦੀ ਭਿਣਕ ਮਿਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੰਗਲ ਡੈਮ ‘ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਇਸ ਵੇਲੇ ਜਦੋਂ ਕੌਮਾਂਤਰੀ ਪੱਧਰ ‘ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਬੀਬੀਐਮਬੀ ਦੇ ਚੇਅਰਮੈਨ ਨੇ ਨੰਗਲ ਡੈਮ ਦਾ ਦੌਰਾ ਬਣਾ ਕੇ ਪੰਜਾਬ ‘ਚ ਮੁੜ ਸਿਆਸੀ ਉਬਾਲ ਦਾ ਮੁੱਢ ਬੰਨ੍ਹ ਦਿੱਤਾ ਹੈ।