ਬਠਿੰਡਾ ’ਚ ਦਿਨ ਵੇਲੇ ਰੈੱਡ ਅਲਰਟ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ

ਬਠਿੰਡਾ : ਪਾਕਿਸਤਾਨ ਨਾਲ ਵਧਦੇ ਤਣਾਅ ਦਰਮਿਆਨ ਬਠਿੰਡਾ ’ਚ ਮੁੜ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰੇ 8 ਵਜੇ ਦੇ ਕ਼ਰੀਬ ਕਿਸੇ ਵਿਸ਼ੇਸ ਥਾਂ ’ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ, ਪਰ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਰੈੱਡ ਅਲਰਟ ਵਿਚ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਬਿਜਲੀ ਦੀ ਸਪਲਾਈ ਨਹੀਂ ਕੱਟੀ ਜਾਵੇਗੀ ਪਰ ਹੋਰ ਸਾਰੇ ਉਪਾਅ ਲਾਗੂ ਰਹਿਣਗੇ।

ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਜੰਗ ਵਰਗੇ ਮਾਹੌਲ ਦੌਰਾਨ ਪਹਿਲੀ ਵਾਰ ਦਿਨ ਸਮੇਂ ਰੈੱਡ ਅਲਰਟ ਕੀਤਾ ਗਿਆ ਹੈ। ਬਠਿੰਡਾ ਵਿਚ ਇਸ ਤੋਂ ਪਹਿਲਾਂ ਵੀ 7-8 ਮਈ ਅਤੇ 8-9 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਬਠਿੰਡਾ ਛਾਉਣੀ ਅਤੇ ਹੋਰਨਾਂ ਖੇਤਰਾਂ ਨੂੰ ਟਾਰਗੇਟ ਕਰਕੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਭਾਰਤ ਦੀਆਂ ਬਹਾਦਰ ਫ਼ੌਜਾਂ ਨੇ ਆਸਮਾਨ ’ਚ ਹੀ ਨਸ਼ਟ ਕਰ ਦਿੱਤਾ ਸੀ। ਇਨ੍ਹਾਂ ਮਿਜ਼ਾਈਲਾਂ/ਡਰੋਨਾਂ ਦਾ ਮਲਬਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚੋਂ ਮਿਲਿਆ ਹੈ।

Share: