ਢਾਕਾ : ਬੰਗਲਾਦੇਸ਼ ਦੀ ਅਦਾਲਤ ਨੇ ਹਿਰਾਸਤ ’ਚ ਲਏ ਗਏ ਹਿੰਦੂ ਨੇਤਾ ਚਿਨਮਯ ਕ੍ਰਿਸ਼ਨ ਦਾਸ ਨੂੰ ਅੱਜ ਚਾਰ ਹੋਰ ਮਾਮਲਿਆਂ ’ਚ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਲੰਘੇ ਦਿਨ ਅਦਾਲਤ ਨੇ ਹੱਤਿਆ ਦੇ ਇੱਕ ਮਾਮਲੇ ’ਚ ਉਸ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ। ਸਰਕਾਰੀ ਖ਼ਬਰ ਏਜੰਸੀ ਬੀਐੱਸਐੱਸ ਦੀ ਖ਼ਬਰ ਮੁਤਾਬਕ ਚਟੋਗ੍ਰਾਮ ਮੈਟਰੋਪੌਲੀਟਿਨ ਮੈਜਿਸਟਰੇਟ ਐੱਸਐੱਮ ਅਲਾਉਦੀਨ ਮਹਿਮੂਦ ਨੇ ਵਰਚੁਅਲੀ ਸੁਣਵਾਈ ਮਗਰੋਂ ਇਹ ਹੁਕਮ ਜਾਰੀ ਕੀਤਾ। ਇਸਕੌਨ ਦੇ ਸਾਬਕਾ ਅਹੁਦੇਦਾਰ ਦਾਸ ਨੂੰ ਕੌਮੀ ਝੰਡੇ ਦੇ ਕਥਿਤ ਅਪਮਾਨ ਨੂੰ ਲੈ ਕੇ ਦੇਸ਼ਧ੍ਰੋਹ ਦੇ ਇੱਕ ਮਾਮਲੇ ’ਚ ਪਿਛਲੇ ਸਾਲ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚਟੋਗ੍ਰਾਮ ਦੀ ਇੱਕ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।
ਅਸਿਸਟੈਂਟ ਪਬਲਿਕ ਪ੍ਰੌਸੀਕਿਊਟਰ ਐੱਮਆਰ ਵਾਜ਼ੇਦ ਚੌਧਰੀ ਮੁਤਾਬਕ ਜਿਨ੍ਹਾਂ ਚਾਰ ਮਾਮਲਿਆਂ ’ਚ ਅਦਾਲਤ ਨੇ ਅੱਜ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚ ਕੋਤਵਾਲੀ ਥਾਣੇ ’ਚ ਪੁਲੀਸ ਦੇ ਕੰਮ ’ਚ ਵਿਘਨ ਪਾਉਣਾ ਤੇ ਵਕੀਲਾਂ ਅਤੇ ਨਿਆਂ ਮੰਗਣ ਵਾਲਿਆਂ ’ਤੇ ਹਮਲਾ ਕਰਨਾ ਸ਼ਾਮਲ ਹਨ। ਨਿਊਜ਼ ਪੋਰਟਲ ਬੀਡੀਨਿਊਜ਼24 ਨੇ ਚੌਧਰੀ ਦੇ ਹਵਾਲੇ ਨਾਲ ਕਿਹਾ, ‘‘ਅਦਾਲਤ ਨੇ ਸੁਣਵਾਈ ਮਗਰੋਂ ਚਿਨਮਯ ਦਾਸ ਦੀ ਗ੍ਰਿਫ਼ਤਾਰੀ ਦਿਖਾਉਣ ਦੀ ਅਪੀਲ ਮਨਜ਼ੂਰ ਕਰ ਲਈ।’’ ਖ਼ਬਰ ਵਿੱਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਦਾਸ ਨੂੰ ਉਸ ਦੀ ਸੁਰੱਖਿਆ ਤੇ ਸਮੁੱਚੀ ਸਥਿਤੀ ਦੇ ਮੱਦੇਨਜ਼ਰ ਸੁਣਵਾਈ ਲਈ ਵਰਚੁਅਲੀ ਤਰੀਕੇ ਨਾਲ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ।