ਅੰਮ੍ਰਿਤਸਰ : ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਵੀ ਅਟਾਰੀ ਸਰਹੱਦ ਆਵਾਜਾਈ ਪੱਖੋਂ ਸ਼ਾਂਤ ਰਹੀ ਪਰ ਸ਼ਾਮ ਵੇਲੇ ਰੀਟਰੀਟ ਰਸਮ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਇੱਕ ਭਾਰਤੀ ਨਾਗਰਿਕ ਆਪਣੇ ਮੁਲਕ ਵਾਪਸ ਪਰਤਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮੁਹੰਮਦ ਜਮੀਲ ਨਾਂ ਦਾ ਇਹ ਵਿਅਕਤੀ ਭਾਰਤੀ ਨਾਗਰਿਕ ਹੈ ਅਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਿਸ ਦਾ ਵਿਆਹ 2022 ਵਿੱਚ ਪਾਕਿਸਤਾਨੀ ਕੁੜੀ ਨਾਲ ਹੋਇਆ ਸੀ। ਇਹ ਵਿਅਕਤੀ ਵਿਆਹ ਤੋਂ ਬਾਅਦ ਪਾਕਿਸਤਾਨ ਚਲਾ ਗਿਆ ਸੀ ਅਤੇ ਕਰਾਚੀ ਵਿਖੇ ਰਹਿ ਰਿਹਾ ਸੀ। ਇਹ ਉਸ ਤੋਂ ਬਾਅਦ ਵਾਪਸ ਭਾਰਤ ਨਹੀਂ ਆਇਆ। ਹੁਣ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨਾਗਰਿਕ ਆਪੋ ਆਪਣੇ ਮੁਲਕਾਂ ਵਿੱਚ ਜਦੋਂ ਵਾਪਸ ਪਰਤ ਰਹੇ ਹਨ ਤਾਂ ਇਹ ਵਿਅਕਤੀ ਵੀ ਅੱਜ ਆਪਣੇ ਮੁਲਕ ਵਾਪਸ ਪਰਤਿਆ ਹੈ। ਦੱਸਣ ਯੋਗ ਹੈ ਕਿ ਭਾਰਤ ਸਰਕਾਰ ਵੱਲੋਂ 1 ਮਈ ਤੋਂ ਅਟਾਰੀ ਸਰਹੱਦ ਨੂੰ ਆਵਾਜਾਈ ਪੱਖੋਂ ਅਤੇ ਵਪਾਰ ਪੱਖੋਂ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਪਰ ਇਸ ਦੌਰਾਨ ਦੋ ਮਈ ਨੂੰ ਲਗਪਗ ਦੋ ਦਰਜਨ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਸਰਕਾਰ ਦੀ ਪੇਸ਼ਕਸ਼ ’ਤੇ ਉਨ੍ਹਾਂ ਦੇ ਮੁਲਕ ਵਾਪਸ ਭੇਜਿਆ ਗਿਆ ਸੀ। ਲੰਘੇ ਕੱਲ੍ਹ ਤਿੰਨ ਮਈ ਨੂੰ ਵੀ ਸਰਹੱਦ ਤੇ ਕੋਈ ਆਵਾਜਾਈ ਨਹੀਂ ਹੋਈ ਪਰ ਅੱਜ ਚਾਰ ਮਈ ਨੂੰ ਇੱਕ ਭਾਰਤੀ ਨਾਗਰਿਕ ਵਾਪਸ ਪਰਤਿਆ ਹੈ।
ਇਸ ਦੌਰਾਨ ਸਰਹੱਦ ਤੇ ਸ਼ਾਮ ਵੇਲੇ ਝੰਡਾ ਉਤਾਰਨ ਦੀ ਹੋ ਰਹੀ ਰਸਮ ਵਿੱਚ ਵੀ ਸੈਲਾਨੀਆਂ ਦੀ ਗਿਣਤੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਈ ਹੈ ,ਜਿੱਥੇ ਪਹਿਲਾਂ 25 ਤੋਂ 30 ਹਜ਼ਾਰ ਸੈਲਾਨੀ ਇਹ ਰਸਮ ਦੇਖਣ ਵਾਸਤੇ ਆਉਂਦੇ ਸਨ, ਹੁਣ ਸੈਲਾਨੀਆਂ ਦੀ ਗਿਣਤੀ ਘੱਟ ਕੇ ਚਾਰ ਤੋਂ ਪੰਜ ਹਜ਼ਾਰ ਰਹਿ ਗਈ ਹੈ। ਅੱਜ ਸ਼ਾਮ ਵੀ ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਸੀ। ਭਾਰਤ ਸਰਕਾਰ ਵੱਲੋਂ ਪਹਿਲਗਾਮ ਵਿਖੇ ਵਾਪਰੀ ਘਟਨਾ ਤੋਂ ਬਾਅਦ ਝੰਡਾ ਉਤਾਰਨ ਦੀ ਰਸਮ ਵਿੱਚ ਵੀ ਰੋਸ ਦਾ ਪ੍ਰਗਟਾਵਾ ਕਰਦਿਆਂ ਪਰੇਡ ਕਮਾਂਡਰ ਨਾਲ ਹੱਥ ਮਿਲਾਉਣ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਝੰਡਾ ਉਤਾਰਨ ਸਮੇਂ ਗੇਟ ਵੀ ਬੰਦ ਰੱਖਿਆ ਜਾਂਦਾ ਹੈ ਜੋ ਪਹਿਲਾਂ ਖੁੱਲ੍ਹਾ ਹੁੰਦਾ ਸੀ ਅਤੇ ਪਰੇਡ ਕਮਾਂਡਰ ਆਪਸ ਵਿੱਚ ਹੱਥ ਮਿਲਾਉਂਦੇ ਸਨ।