ਬਠਿੰਡਾ : ਥਾਣੇਦਾਰ ’ਤੇ ਗੋਲੀਆਂ ਚਲਾ ਕੇ ਭੱਜੇ ਲੁਟੇਰਿਆਂ ਨੂੰ ਕੁੱਝ ਘੰਟਿਆਂ ਬਾਅਦ ਹੀ ਮੁਕਾਬਲੇ ਮਗਰੋਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਵਾਲੀ ਜਗ੍ਹਾ ’ਤੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇੱਥੇ ਰਿਲਾਇੰਸ ਮਾਲ ਨੇੜਲੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੋਂ ਲੁਟੇਰੇ ਦਸ ਹਜ਼ਾਰ ਰੁਪਏ ਤੇ ਮੋਬਾਈਲ ਫੋਨ ਖੋਹ ਕੇ ਲੈ ਗਏ ਸਨ। ਲੰਘੀ ਰਾਤ ਪੁਲੀਸ ਨੂੰ ਸੂਹ ਮਿਲੀ ਕਿ ਉਹ ਲੁਟੇਰੇ ਇੱਥੇ ਪਰਸ਼ਰਾਮ ਨਗਰ ’ਚ ਸਥਿਤ ਘਰ ਅੰਦਰ ਲੁਕੇ ਹੋਏ ਹਨ। ਪੁਲੀਸ ਨੇ ਜਦੋਂ ਛਾਪਾ ਮਾਰਿਆ ਤਾਂ ਲੁਟੇਰਿਆਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਸੀਆਈਏ-1 ਬਠਿੰਡਾ ਦੇ ਏਐੱਸਆਈ ਸੁਖਪ੍ਰੀਤ ਸਿੰਘ ਪੈਰ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲੀਸ ਨੇ ਲੁਟੇਰਿਆਂ ਦੀ ਭਾਲ ਜਾਰੀ ਰੱਖੀ ਅਤੇ ਲੰਘੀ ਰਾਤ ਏਐੱਸਆਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੁਟੇਰੇ ਬਹਿਮਣ ਪੁਲ ’ਤੇ ਘੇਰ ਲਏ। ਇਸ ਦੌਰਾਨ ਲੁਟੇਰਿਆਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਘਟਨਾ ’ਚ ਦੋ ਲੁਟੇਰੇ ਫੱਟੜ ਹੋ ਗਏ।
ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਲੁਟੇਰਿਆਂ ਦੀ ਸ਼ਨਾਖ਼ਤ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ, ਰਾਜੀਵ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਰੋਹਿਤ ਕੁਮਾਰ ਵਾਸੀ ਪਰਸ਼ਰਾਮ ਨਗਰ ਦੱਸੀ। ਸੀਨੀਅਰ ਪੁਲੀਸ ਕਪਤਾਨ ਅਨੁਸਾਰ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਅਮਰਜੀਤ ਅਤੇ ਰਾਜੀਵ ਨੇ ਠੇਕੇ ਤੋਂ ਲੁੱਟ ਕੀਤੀ ਸੀ। ਪੁਲੀਸ ਪਾਰਟੀਆਂ ’ਤੇ ਅਮਰਜੀਤ ਨੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਅਮਰਜੀਤ ਉੱਪਰ ਪਹਿਲਾਂ ਵੀ ਤਿੰਨ ਕੇਸ ਦਰਜ ਹਨ।