ਥਲ ਸੈਨਾ ਦੀ ਉੱਤਰੀ ਕਮਾਂਡ ਨੂੰ ਮਿਲੇਗਾ ਨਵਾਂ ਕਮਾਂਡਰ ਤੇ ਭਾਰਤੀ ਹਵਾਈ ਸੈਨਾ ਨੂੰ ਨਵਾਂ ਉਪ ਮੁਖੀ

ਥਲ ਸੈਨਾ ਦੀ ਉੱਤਰੀ ਕਮਾਂਡ ਨੂੰ ਮਿਲੇਗਾ ਨਵਾਂ ਕਮਾਂਡਰ ਤੇ ਭਾਰਤੀ ਹਵਾਈ ਸੈਨਾ ਨੂੰ ਨਵਾਂ ਉਪ ਮੁਖੀ

ਨਵੀਂ ਦਿੱਲੀ : ਰਣਨੀਤਕ ਤੇ ਯੁੱਧਨੀਤਕ ਪੱਖੋਂ ਅਹਿਮ ਭਾਰਤੀ ਥਲ ਸੈਨਾ ਦੀ ਉੱਤਰੀ ਕਮਾਂਡ ਨੂੰ ਨਵਾਂ ਕਮਾਂਡਰ ਤੇ ਭਾਰਤੀ ਹਵਾਈ ਸੈਨਾ ਨੂੰ ਨਵਾਂ ਉਪ ਮੁਖੀ (Vice Chief) ਮਿਲੇਗਾ। ਅਗਲੇ ਦੋ ਦਿਨਾਂ ਵਿੱਚ ਫੌਜ ਦੇ ਤਿੰਨ ਸਿਖਰਲੇ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਹੋਣੀਆਂ ਹਨ। ਇਹ ਸਾਰੀਆਂ ਨਿਯੁਕਤੀਆਂ ਮੌਜੂਦਾ ਅਧਿਕਾਰੀਆਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਕੀਤੀਆਂ ਜਾ ਰਹੀਆਂ ਹਨ।

ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਭਲਕੇ ਉੱਤਰੀ ਫੌਜ ਦੇ ਕਮਾਂਡਰ ਵਜੋਂ ਅਹੁਦਾ ਸੰਭਾਲਣਗੇ। ਊਧਮਪੁਰ ਸਥਿਤ ਇਸ ਕਮਾਂਡ ਨੂੰ ਅਤਿਵਾਦ ਵਿਰੋਧੀ ਕਾਰਵਾਈਆਂ ਤੋਂ ਇਲਾਵਾ ਪਾਕਿਸਤਾਨ ਅਤੇ ਚੀਨ ਲਈ ਦੋਹਰਾ ਕੰਮ ਸੌਂਪਿਆ ਗਿਆ ਹੈ। ਉਹ ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਦੀ ਥਾਂ ਲੈਣਗੇ, ਜੋ ਅੱਜ ਸੇਵਾਮੁਕਤ ਹੋ ਗਏ ਹਨ। ਲੈਫਟੀਨੈਂਟ ਜਨਰਲ ਸ਼ਰਮਾ, ਜਿਨ੍ਹਾਂ ਨੂੰ ਮਦਰਾਸ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿੱਚ ਕਮਿਸ਼ਨ ਦਿੱਤਾ ਗਿਆ ਸੀ, ਆਰਮੀ ਹੈੱਡਕੁਆਰਟਰ ਵਿੱਚ ਫੌਜ ਦੇ ਡਿਪਟੀ ਚੀਫ਼ (ਰਣਨੀਤੀ) ਸਨ। ਉਨ੍ਹਾਂ ਨੇ ਅੰਬਾਲਾ ਵਿਖੇ ਦੂਜੀ ਕੋਰ ਦੀ ਕਮਾਂਡ ਕੀਤੀ ਹੈ ਅਤੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ ਵਜੋਂ ਸੇਵਾ ਨਿਭਾਈ ਹੈ।

ਇਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ X ’ਤੇ ਇੱਕ ਪੋਸਟ ਵਿਚ ਕਿਹਾ ਕਿ ‘‘ਪਾਕਿਸਤਾਨ-ਅਧਾਰਤ ISI ਪ੍ਰੌਕਸੀ (ਭਾਰਤ ਵਿੱਚ ਬਲਾਕ) ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਘੁੰਮਾ ਰਹੇ ਹਨ, ਜੋ ਝੂਠਾ ਦਾਅਵਾ ਕਰਦੀ ਹੈ ਕਿ ਉੱਤਰੀ ਕਮਾਂਡ ਦੇ ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਵਿਰੁੱਧ ਇੱਕ ਰਸਮੀ ਕੋਰਟ ਆਫ਼ ਇਨਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ।’’

ਭਾਰਤੀ ਹਵਾਈ ਸੈਨਾ ਵਿੱਚ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ (Narmdeshwar Tiwari), ਜੋ ਲੜਾਕੂ ਪਾਇਲਟ ਹਨ, ਨੂੰ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਏਅਰ ਮਾਰਸ਼ਲ ਐੱਸਪੀ ਧਾਰਕਰ ਦੀ ਥਾਂ ਲੈਣਗੇ, ਜੋ ਸੇਵਾਮੁਕਤ ਵੀ ਹੋ ਗਏ ਹਨ। ਏਅਰ ਮਾਰਸ਼ਲ ਤਿਵਾੜੀ ਗਾਂਧੀਨਗਰ ਵਿਖੇ ਆਈਏਐੱਫ ਦੇ ਦੱਖਣ ਪੱਛਮੀ ਹਵਾਈ ਕਮਾਂਡ ਦੀ ਕਮਾਂਡ ਸੰਭਾਲ ਰਹੇ ਹਨ। ਉਹ 2 ਮਈ ਨੂੰ ਅਹੁਦਾ ਸੰਭਾਲਣਗੇ।

ਏਅਰ ਮਾਰਸ਼ਲ ਤਿਵਾੜੀ ਮਿਰਾਜ ਪਾਇਲਟ ਰਹਿ ਚੁੱਕੇ ਹਨ। ਉਹ ਤੇਜਸ ਲੜਾਕੂ ਜਹਾਜ਼ ਲਈ ਇੱਕ ਟੈਸਟ ਪਾਇਲਟ ਵੀ ਰਹੇ ਹਨ ਅਤੇ ਏਅਰਕ੍ਰਾਫਟ ਅਤੇ ਸਿਸਟਮ ਟੈਸਟਿੰਗ ਐਸਟੈਬਲਿਸ਼ਮੈਂਟ ਵਿੱਚ ਮੁੱਖ ਟੈਸਟ ਪਾਇਲਟ ਵਜੋਂ ਸੇਵਾ ਨਿਭਾਈ ਹੈ।

ਇਨ੍ਹਾਂ ਦੋ ਤਬਦੀਲੀਆਂ ਤੋਂ ਇਲਾਵਾ, ਇੱਕ ਨਵਾਂ ਅਧਿਕਾਰੀ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਦੇ ਅਧੀਨ ਅੰਤਰ-ਸੇਵਾਵਾਂ ਤਾਲਮੇਲ ਦੀ ਜ਼ਿੰਮੇਵਾਰੀ ਸੰਭਾਲੇਗਾ।

Share: