‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਟਰੰਪ ਦੇ ਦਾਅਵੇ ਮਗਰੋਂ ਕਾਂਗਰਸ ਨੇ ਤਨਜ਼ ਕੱਸਿਆ

‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਟਰੰਪ ਦੇ ਦਾਅਵੇ ਮਗਰੋਂ ਕਾਂਗਰਸ ਨੇ ਤਨਜ਼ ਕੱਸਿਆ

ਨਵੀਂ ਦਿੱਲੀ : ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਦਾ ਮੁੜ ਦਾਅਵਾ ਕੀਤੇ ਜਾਣ ਮਗਰੋਂ ਬੁੱਧਵਾਰ ਨੂੰ ਤਨਜ਼ ਕਸਦਿਆਂ ਕਿਹਾ ਕਿ ‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਹੈ ਕਯਾ? (ਕੀ ਅਮਰੀਕੀ ਪਾਪਾ ਨੇ ਜੰਗ ਰੋਕ ਦਿੱਤੀ ਹੈ)’’ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਾਊਦੀ ਅਰਬ ਵਿਚ ਮੰਗਲਵਾਰ ਨੂੰ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਈ ਹੈ। ਟਰੰਪ ਨੇ ਹਾਲਾਂਕਿ ਨਾਲ ਹੀ ਦੋਵਾਂ ਮੁਲਕਾਂ ਨੂੰ ਵਪਾਰ ਕਰਨ ਦੀ ਵੀ ਨਸੀਹਤ ਦਿੱਤੀ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੁਝ ਦਿਨ ਪਹਿਲਾਂ ਸਾਨੂੰ ਪਾਕਿਸਤਾਨ ਨਾਲ ਗੋਲੀਬੰਦੀ ਬਾਰੇ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਤੋਂ ਮਿਲੀ ਸੀ। ਹੁਣ ਮੰਗਲਵਾਰ ਨੂੰ ਸਾਊਦੀ ਅਰਬ ਵਿਚ ਜਨਤਕ ਪ੍ਰੋਗਰਾਮ ਦੌਰਾਨ ਅਮਰੀਕੀ ਸਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪਾਬੰਦੀਆਂ ਤੇ ਵਪਾਰਕ ਸੌਦਿਆਂ ਦਾ ਲਾਲਚ ਤੇ ਧਮਕੀ ਦਾ ਇਸਤੇਮਾਲ ਕਰਕੇ ਭਾਰਤ ਨੂੰ ਗੋਲੀਬੰਦੀ ਲਈ ਮਜਬੂਰ ਤੇ ਬਲੈਕਮੇਲ ਕੀਤਾ।

ਰਮੇਸ਼ ਨੇ ਸਵਾਲ ਕੀਤਾ, ‘‘ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ, ਜੋ ਆਮ ਤੌਰ ’ਤੇ ਬਹੁਤ ਹੀ ਖੁੱਲ੍ਹ ਕੇ ਗੱਲ ਕਰਦੇ ਹਨ, ਇਸ ਖੁਲਾਸੇ ਬਾਰੇ ਕੀ ਕਹਿਣਗੇ? ਕੀ ਉਨ੍ਹਾਂ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਅਮਰੀਕੀ ਦਬਾਅ ਅੱਗੇ ਗਿਰਵੀ ਰੱਖ ਦਿੱਤਾ ਹੈ?’’ ਰਮੇਸ਼ ਨੇ ਤਨਜ਼ ਕਸਦਿਆਂ ਕਿਹਾ, ‘‘ਕੀ ਅਮਰੀਕੀ ਪਾਪਾ ਨੇ ਹਮਲਾ ਰੋਕ ਦਿੱਤਾ ਸੀ?’

ਚੇਤੇ ਰਹੇ ਕਿ ਦਹਿਸ਼ਤਗਰਾਂ ਨੇ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ ਵਿੱਚ ਬਹੁਤੇ ਸੈਲਾਨੀ ਸੀ। ਇਸ ਤੋਂ ਬਾਅਦ ਭਾਰਤ ਨੇ Operation Sindoor  ਸ਼ੁਰੂ ਕੀਤਾ ਅਤੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਕਈ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਵਿਚ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਿਸ ਨੂੰ ਭਾਰਤ ਨੇ ਨਾਕਾਮ ਬਣਾ ਦਿੱਤ। ਦੋਵਾਂ ਦੇਸ਼ਾਂ ਵਿਚਕਾਰ 10 ਮਈ ਨੂੰ ਫੌਜੀ ਕਾਰਵਾਈ ਰੋਕਣ ਲਈ ਸਮਝੌਤਾ ਹੋਇਆ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਨਾਲ ਸੰਪਰਕ ਕਰਨ ਤੋਂ ਬਾਅਦ ਫੌਜੀ ਕਾਰਵਾਈ ਰੋਕਣ ਲਈ ਸਹਿਮਤੀ ਬਣੀ ਸੀ।

Share: