ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸਾਂ ’ਚ ਬਦਲਾਅ ਦਾ ਐਲਾਨ ਕੀਤੇ ਜਾਣ ਮਗਰੋਂ ਹੁਣ ਭਾਰਤ ਸਰਕਾਰ ਨੂੰ ਅਮਰੀਕਾ ਨਾਲ ਫ਼ੌਰੀ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਇਕ ਬਿਹਤਰ ਸਮਝੌਤਾ ਕਰਨ ਦੀ ਸਮਰੱਥਾ ਰਖਦਾ ਹੈ। ਉਂਜ ਉਨ੍ਹਾਂ ਕਿਹਾ ਕਿ ਟਰੰਪ ਨੂੰ ਟੈਕਸਾਂ ਦੀ ਗੱਲ ਕਰਨ ਦਾ ਪੂਰਾ ਹੱਕ ਹੈ। ਰਾਹੁਲ ਗਾਂਧੀ ਨੇ ਇਹ ਟਿੱਪਣੀ ਬੀਤੀ 21 ਅਪਰੈਲ ਨੂੰ ਅਮਰੀਕਾ ’ਚ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ’ਚ ਇਕ ਸੰਵਾਦ ਸੈਸ਼ਨ ਦੌਰਾਨ ਕੀਤੀ ਸੀ। ਇਸ ਗੱਲਬਾਤ ਦਾ ਵੀਡੀਓ ਸ਼ਨਿਚਵਾਰ ਨੂੰ ਇੰਸਟੀਚਿਊਟ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤਾ ਗਿਆ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਡੀਓ ਦੇ ਕੁਝ ਅੰਸ਼ ਸਾਂਝੇ ਕਰਦਿਆਂ ਫੇਸਬੁੱਕ ਪੋਸਟ ’ਚ ਕਿਹਾ, ‘‘ਭਾਰਤ ਕੋਲ ਹੁਨਰ ਹੈ। ਹੁਣ ਸਾਨੂੰ ਇਕ ਸਪੱਸ਼ਟ ਨਜ਼ਰੀਏ ਦੀ ਲੋੜ ਹੈ। ਆਪਣੀ ਸਮਰੱਥਾ ਨਾਲ ਤੈਅ ਦਿਸ਼ਾ ਵੱਲ ਵਧਣ ਦਾ ਸਮਾਂ ਹੈ।’’ ਸੰਵਾਦ ਸੈਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਭਾਰਤ ਅੱਗੇ ਸਭ ਤੋਂ ਵੱਡੀ ਚੁਣੌਤੀ ਚੀਨ ਹੈ ਜਿਸ ਨਾਲ ਮੁਕਾਬਲੇਬਾਜ਼ੀ ਲਈ ਇਕ ਉਤਪਾਦਨ ਪ੍ਰਣਾਲੀ, ਮੈਨੂੰਫੈਕਚਰਿੰਗ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ।
Posted inNews
ਟੈਕਸਾਂ ਬਾਰੇ ਅਮਰੀਕਾ ਨਾਲ ਫ਼ੌਰੀ ਗੱਲਬਾਤ ਹੋਵੇ: ਰਾਹੁਲ
