ਭਾਰਤ ਨੇ ਪਾਕਿਸਤਾਨ ’ਚੋਂ ਲੰਘਦੇ 25 ਹਵਾਈ ਰੂਟ ਬੰਦ ਕੀਤੇ

ਭਾਰਤ ਨੇ ਪਾਕਿਸਤਾਨ ’ਚੋਂ ਲੰਘਦੇ 25 ਹਵਾਈ ਰੂਟ ਬੰਦ ਕੀਤੇ

ਮੁੰਬਈ/ਨਵੀਂ ਦਿੱਲੀ : ਭਾਰਤ ਨੇ ਆਪਣੇ ਹਵਾਈ ਖੇਤਰ ’ਚੋਂ ਪਾਕਿਸਤਾਨ ਨੂੰ ਜਾਂਦੇ 25 ਹਵਾਈ ਰੂਟ ਬੰਦ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਇਹ ਰੂਟ ਅਜਿਹੇ ਮੌਕੇ ਬੰਦ ਕੀਤੇ ਗਏ ਹਨ ਜਦੋਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿਚ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ।

ਪਹਿਲਗਾਮ ਦਹਿਸ਼ਤੀ ਹਮਲੇ ਮਗਰੋੋਂ ਦੋਵਾਂ ਮੁਲਕਾਂ ਵਿਚ ਵਧਦੇ ਟਕਰਾਅ ਦਰਮਿਆਨ ਕਈ ਵਿਦੇਸ਼ੀ ਏਅਰਲਾਈਨਾਂ ਵੱਲੋਂ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਤੋਂ ਪਹਿਲਾਂ ਹੀ ਟਾਲਾ ਵੱਟਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ 30 ਅਪਰੈਲ ਨੂੰ ਆਪਣਾ ਹਵਾਈ ਖੇਤਰ ਪਾਕਿਸਤਾਨ ਏਅਰਲਾਈਨ ਲਈ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ 24 ਅਪਰੈਲ ਨੂੰ ਹੀ ਆਪਣਾ ਹਵਾਈ ਲਾਂਘਾ ਭਾਰਤੀ ਏਅਰਲਾਈਨਾਂ ਲਈ ਬੰਦ ਕਰ ਦਿੱਤਾ ਸੀ। ਤਿੰਨ ਅਧਿਕਾਰੀਆਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਗਲੇ ਹੁਕਮਾਂ ਤੱਕ ਪਾਕਿਸਤਾਨ ਹਵਾਈ ਖੇਤਰ ਵਿਚ ਦਾਖ਼ਲੇ ਵਾਲੇ 25 ਹਵਾਈ ਰੂਟ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਏਅਰਲਾਈਨਾਂ, ਜੋ ਪਹਿਲਾਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਪਾਕਿਸਤਾਨ ਦਾ ਹਵਾਈ ਲਾਂਘਾ ਵਰਤਦੀਆਂ ਸਨ, ਨੂੰ ਹੁਣ ਲੰਮੇ ਰੂਟ ਦਾ ਸਹਾਰਾ ਲੈਣਾ ਹੋਵੇਗਾ। ਇਕ ਅਧਿਕਾਰੀ ਨੇ ਕਿਹਾ ਕਿ ਵਿਦੇਸ਼ੀ ਏਅਰਲਾਈਨਾਂ ਨੂੰ ਬਦਲਵਾਂ ਹਵਾਈ ਰੂਟ ਵਰਤਣ ਦੀ ਸਲਾਹ ਦਿੱਤੀ ਗਈ ਹੈ।

Share: