ਵਾਸ਼ਿੰਗਟਨ : ਤਕਨਾਲੋਜੀ ਖੇਤਰ ਦੀ ਵਿਸ਼ਾਲ ਕੰਪਨੀ ‘ਮਾਈਕਰੋਸਾਫਟ’ ਨੇ ਮੰਨਿਆ ਹੈ ਕਿ ਉਸ ਨੇ ਗਾਜ਼ਾ ਵਿਚ ਚੱਲ ਰਹੀ ਜੰਗ ਦੌਰਾਨ ਇਜ਼ਰਾਇਲੀ ਫੌਜ ਨੂੰ ਉੱਨਤ ਮਸਨੂਈ ਬੌਧਿਕਤਾ (ਏਆਈ) ਅਤੇ ‘ਕਲਾਊਡ ਕੰਪਿਊਟਿੰਗ’ ਸੇਵਾਵਾਂ ਵੇਚੀਆਂ ਹਨ। ਇਹ ਸੇਵਾਵਾਂ ਇਜ਼ਰਾਇਲੀ ਬੰਧਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮਦਦਗਾਰ ਸਾਬਤ ਹੋਈਆਂ। ਹਾਲਾਂਕਿ, ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੂੰ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਉਸ ਦੇ Azure platform ਜਾਂ ਏਆਈ ਤਕਨੀਕਾਂ ਦੀ ਵਰਤੋਂ ਗਾਜ਼ਾ ਵਿਚ ਲੋਕਾਂ ਨੂੰ ਨਿਸ਼ਾਨਾ ਬਣਾਉਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਹੋਵੇ।
ਮਾਈਕ੍ਰੋਸਾਫਟ ਨੇ ਆਪਣੀ ਕਾਰਪੋਰੇਟ ਵੈੱਬਸਾਈਟ ’ਤੇ ਪ੍ਰਕਾਸ਼ਿਤ ਇਕ ‘ਬਲੌਗ ਪੋਸਟ’ ਵਿਚ ਉਪਰੋਕਤ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ ਇਸ ਪੋਸਟ ਹੇਠਾਂ ਕਿਸੇ ਵਿਅਕਤੀ ਦੇ ਹਸਤਾਖ਼ਰ ਨਹੀਂ ਹਨ, ਪਰ ਕੰਪਨੀ ਨੇ ਜੰਗ ਵਿੱਚ ਆਪਣੀ ਸ਼ਮੂਲੀਅਤ ਨੂੰ ਜਨਤਕ ਤੌਰ ’ਤੇ ਪਹਿਲੀ ਵਾਰ ਸਵੀਕਾਰ ਕੀਤਾ ਹੈ। ‘ਐਸੋਸੀਏਟਡ ਪ੍ਰੈੱਸ’ (ਏਪੀ) ਵੱਲੋਂ ਤਿੰਨ ਮਹੀਨੇ ਪਹਿਲਾਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਅਮਰੀਕੀ ਕੰਪਨੀ ‘ਮਾਈਕਰੋਸਾਫਟ’ ਦੀ ਇਜ਼ਰਾਇਲੀ ਰੱਖਿਆ ਮੰਤਰਾਲੇ ਨਾਲ ਗੂੜ੍ਹੀ ਸਾਂਝ ਹੈ ਅਤੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਵਪਾਰਕ ਏਆਈ ਉਤਪਾਦਾਂ ਦੀ ਫੌਜੀ ਵਰਤੋਂ ਕਰੀਬ 200 ਗੁਣਾਂ ਵਧੀ ਸੀ।
ਖ਼ਬਰ ਏਜੰਸੀ ਨੇ ਦੱਸਿਆ ਸੀ ਕਿ ਇਜ਼ਰਾਇਲੀ ਫੌਜ ਉੱਚ ਪੱਧਰੀ ਨਿਗਰਾਨੀ ਰਾਹੀਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਨੂੰ ਲਿਖਣ ਅਤੇ ਅਨੁਵਾਦ ਕਰਨ ਲਈ Azure platform ਦੀ ਵਰਤੋਂ ਕਰਦੀ ਹੈ। ਇਹ ਭਾਈਵਾਲੀ ਇਜ਼ਰਾਈਲ, ਯੂਕਰੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਫੌਜਾਂ ਨੂੰ ਮਸਨੂਈ ਬੌਧਿਕਤਾ (AI) ਉਤਪਾਦ ਵੇਚਣ ਲਈ ਤਕਨਾਲੋਜੀ ਕੰਪਨੀਆਂ ਦੇ ਵਧ ਰਹੇ ਯਤਨਾਂ ਨੂੰ ਦਰਸਾਉਂਦੀ ਹੈ।ਉਧਰ ਮਨੁੱਖੀ ਅਧਿਕਾਰ ਸੰਗਠਨਾਂ ਨੇ ਫ਼ਿਕਰ ਜਤਾਇਆ ਹੈ ਕਿ ਏਆਈ ਸਿਸਟਮ ਗਲਤ ਹੋ ਸਕਦੇ ਹਨ ਪਰ ਇਨ੍ਹਾਂ ਦੀ ਵਰਤੋਂ ਇਹ ਫੈਸਲਾ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸ ਨੂੰ ਜਾਂ ਕਿਸ ਚੀਜ਼ ਨੂੰ ਨਿਸ਼ਾਨਾ ਬਣਾਇਆ ਜਾਵੇ, ਜਿਸ ਕਰਕੇ ਬੇਕਸੂਰ ਲੋਕਾਂ ਦੀ ਮੌਤ ਹੋ ਰਹੀ ਹੈ।
ਮਾਈਕਰੋਸਾਫਟ ਨੇ ਵੀਰਵਾਰ ਨੂੰ ਕਿਹਾ ਕਿ ਕਰਮਚਾਰੀਆਂ ਦੇ ਫ਼ਿਕਰਾਂ ਅਤੇ ਕਈ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਕੰਪਨੀ ਨੇ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਹੈ ਅਤੇ ਹੋਰ ਜਾਂਚ ਲਈ ਇਕ ਬਾਹਰੀ ਕੰਪਨੀ ਨਿਯੁਕਤ ਕੀਤੀ ਹੈ। ਹਾਲਾਂਕਿ ਕੰਪਨੀ ਵੱਲੋਂ ਬਿਆਨ ਵਿਚ ਇਸ ਬਾਹਰੀ ਕੰਪਨੀ ਦਾ ਨਾਮ ਨਹੀਂ ਦੱਸਿਆ ਗਿਆ ਅਤੇ ਨਾ ਹੀ ਰਿਪੋਰਟ ਦੀ ਕੋਈ ਕਾਪੀ ਦਿੱਤੀ ਗਈ ਹੈ।ਕੰਪਨੀ ਦੇ ਬਿਆਨ ਵਿੱਚ ਕਿਹਾ ਕਿ ਉਸ ਨੇ ਇਜ਼ਰਾਇਲੀ ਫੌਜ ਨੂੰ ਸਾਫਟਵੇਅਰ, ਪੇਸ਼ੇਵਰ ਸੇਵਾਵਾਂ, ‘Azure ਕਲਾਊਡ ਸਟੋਰੇਜ’ ਅਤੇ ਭਾਸ਼ਾ ਅਨੁਵਾਦ ਸਮੇਤ Azure ਏਆਈ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਇਜ਼ਰਾਇਲੀ ਸਰਕਾਰ ਨਾਲ ਮਿਲ ਕੇ ਬਾਹਰੀ ਖਤਰਿਆਂ ਤੋਂ ‘ਸਾਈਬਰਸਪੇਸ’ ਦੀ ਰੱਖਿਆ ਕਰਨ ਲਈ ਕੰਮ ਕੀਤਾ।ਮਾਈਕਰੋਸਾਫਟ ਨੇ ਕਿਹਾ ਕਿ 7 ਅਕਤੂਬਰ 2023 ਨੂੰ ਹਮਾਸ ਵੱਲੋਂ ਬੰਧਕ ਬਣਾਏ ਗਏ 250 ਤੋਂ ਵੱਧ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਸ ਨੇ ਇਜ਼ਰਾਈਲ ਨੂੰ ਵਪਾਰਕ ਸਮਝੌਤਿਆਂ ਦੀਆਂ ਸ਼ਰਤਾਂ ਤੋਂ ਉਪਰ ਤਕਨੀਕ ਤੱਕ ਵਿਸ਼ੇਸ਼ ਪਹੁੰਚ ਅਤੇ ਸੀਮਤ ਹੰਗਾਮੀ ਸਹਾਇਤਾ ਵੀ ਦਿੱਤੀ।
ਕੰਪਨੀ ਨੇ ਕਿਹਾ, ‘‘ਸਾਡਾ ਵਿਸ਼ਵਾਸ ਹੈ ਕਿ ਅਸੀਂ ਆਪਣੇ ਸਿਧਾਂਤਾਂ ਦੀ ਸਾਵਧਾਨੀ ਅਤੇ ਸੋਚ-ਵਿਚਾਰ ਨਾਲ ਪਾਲਣਾ ਕੀਤੀ, ਤਾਂ ਜੋ ਬੰਧਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਅਤੇ ਨਾਲ ਹੀ ਗਾਜ਼ਾ ਵਿਚ ਆਮ ਨਾਗਰਿਕਾਂ ਦੀ ਨਿੱਜਤਾ ਅਤੇ ਹੋਰ ਅਧਿਕਾਰਾਂ ਦਾ ਆਦਰ ਕੀਤਾ ਜਾ ਸਕੇ।’’ਜ਼ਿਕਰਯੋਗ ਹੈ ਕਿ ਮਾਈਕਰੋਸਾਫਟ ਤੋਂ ਇਲਾਵਾ, ਇਜ਼ਰਾਇਲੀ ਫੌਜ ਨੇ ਗੂਗਲ, ਐਮੇਜ਼ੋਨ, ਪੈਲੈਂਟੀਅਰ ਅਤੇ ਹੋਰ ਕਈ ਪ੍ਰਮੁੱਖ ਅਮਰੀਕੀ ਟੈਕਨਾਲੋਜੀ ਕੰਪਨੀਆਂ ਨਾਲ ਕਲਾਊਡ ਜਾਂ ਏਆਈ ਸੇਵਾਵਾਂ ਲਈ ਵਿਸ਼ਾਲ ਸਮਝੌਤੇ ਕੀਤੇ ਹਨ।
ਮਾਈਕਰੋਸਾਫਟ ਨੇ ਕਿਹਾ ਕਿ ਇਜ਼ਰਾਇਲੀ ਫੌਜ ਹੋਰ ਗਾਹਕਾਂ ਵਾਂਗ ਕੰਪਨੀ ਦੀ ਮਨਜ਼ੂਰਸ਼ੁਦਾ ਵਰਤੋਂ ਨੀਤੀ ਅਤੇ ਏਆਈ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ, ਜੋ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲੀ ਉਤਪਾਦ ਵਰਤੋਂ ਨੂੰ ਕਾਨੂੰਨੀ ਤੌਰ ’ਤੇ ਰੋਕਦੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਇਜ਼ਰਾਇਲੀ ਫੌਜ ਨੇ ਇਹ ਸ਼ਰਤਾਂ ਤੋੜੀਆਂ ਹਨ।