ਗੋਲੀਬੰਦੀ ਮਗਰੋਂ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਸ਼ੁਰੂ

ਗੋਲੀਬੰਦੀ ਮਗਰੋਂ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਸ਼ੁਰੂ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਮਗਰੋਂ ਇੱਥੇ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਅੱਜ ਸ਼ਾਮ ਤੋਂ ਮੁੜ ਸ਼ੁਰੂ ਹੋ ਗਈ। ਅੱਜ ਰਿਟਰੀਟ ਰਸਮ ਨੂੰ ਸ਼ੁਰੂ ਤਾਂ ਕਰ ਦਿੱਤਾ ਗਿਆ ਪਰ ਭਾਰਤ ਵੱਲੋਂ ਆਪਣਾ ਰੋਸ ਜਾਰੀ ਰੱਖਿਆ ਗਿਆ ਹੈ, ਜਿਸ ਤਹਿਤ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਬਣੇ ਗੇਟ ਬੰਦ ਰੱਖੇ ਗਏ ਅਤੇ ਪਰੇਡ ਕਮਾਂਡਰ ਵੱਲੋਂ ਪਾਕਿਸਤਾਨੀ ਰੇਂਜਰ ਦੇ ਪਰੇਡ ਕਮਾਂਡਰ ਨਾਲ ਹੱਥ ਨਹੀਂ ਮਿਲਾਏ ਗਏ। ਇਸ ਰਸਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਸਨ, ਜਦੋਂਕਿ ਇਸ ਰਸਮ ਨੂੰ ਲੋਕਾਂ ਲਈ ਭਲਕੇ 21 ਮਈ ਤੋਂ ਖੋਲ੍ਹਿਆ ਜਾਵੇਗਾ। ਬੀਐੱਸਐੱਫ ਦੇ ਜਵਾਨਾਂ ਵੱਲੋਂ ਪਹਿਲਾਂ ਵਾਂਗ ਹੀ ਪਰੇਡ ਕੀਤੀ ਗਈ ਅਤੇ ਭਾਰਤੀ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਵਾਰ ਬੀਐੱਸਐੱਫ ਦੀਆਂ ਮਹਿਲਾ ਜਵਾਨਾਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਰਿਟਰੀਟ ਰਸਮ ਦੀ ਸ਼ੁਰੂਆਤ ਮੌਕੇ ਬੀਐੱਸਐੱਫ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਸ਼ੁਰੂ ਵਿੱਚ ਦੇਸ਼ ਭਗਤੀ ਦੇ ਗੀਤਾਂ ’ਤੇ ਲੋਕਾਂ ਨੇ ਨਾਚ ਕੀਤਾ, ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ ਬੀਐੱਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰਿਟਰੀਟ ਰਸਮ ਅੰਮ੍ਰਿਤਸਰ ਦੀ ਅਟਾਰੀ ਜੇਸੀਪੀ ਤੋਂ ਇਲਾਵਾ ਫਿਰੋਜ਼ਪੁਰ ਦੀ ਹੁਸੈਨੀਵਾਲਾ ਅਤੇ ਫਾਜ਼ਿਲਕਾ ਦੀ ਸਾਦਕੀ ਸਰਹੱਦ ’ਤੇ ਵੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਮਗਰੋਂ ਝੰਡਾ ਉਤਾਰਨ ਦੀ ਇਹ ਰਸਮ ਲਗਪਗ ਦੋ ਹਫਤੇ ਪਹਿਲਾਂ 7 ਮਈ ਨੂੰ ਬੰਦ ਕਰ ਦਿੱਤੀ ਗਈ ਸੀ। ਇਸ ਰਸਮ ਦੀ ਸ਼ੁਰੂਆਤ ਕਾਰਨ, ਇਥੇ ਅਟਾਰੀ ਸਰਹੱਦ ’ਤੇ ਦੁਕਾਨਦਾਰਾਂ ਦਾ ਰੁਜ਼ਗਾਰ ਮੁੜ ਸ਼ੁਰੂ ਹੋ ਜਾਵੇਗਾ।

Share: