ਪ੍ਰੀਟੋਰੀਆ : ਦੱਖਣੀ ਅਫ਼ਰੀਕਾ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਡੈਮੋਕਰੈਟਿਕ ਅਲਾਇੰਸ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਹਮਦਰਦੀ ਜਤਾਉਂਦਿਆਂ ਭਾਰਤ ਦੀ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਜੰਗ ਦੇ ਅਹਿਦ ਨੂੰ ਹਮਾਇਤ ਦਿੱਤੀ। ਸਰਬ-ਪਾਰਟੀ ਵਫ਼ਦ ਨੇ ਕੇਪਟਾਊਨ ’ਚ ਦੱਖਣੀ ਅਫ਼ਰੀਕਾ ਦੇ ਕਈ ਵਰਗਾਂ ਨਾਲ ਗੱਲਬਾਤ ਕੀਤੀ। ਐੱਨਸੀਪੀ (ਐੱਸਪੀ) ਆਗੂ ਸੁਪ੍ਰਿਯਾ ਸੂਲੇ ਦੀ ਅਗਵਾਈ ਹੇਠਲੇ ਸਰਬ-ਪਾਰਟੀ ਵਫ਼ਦ ਨੇ ਦੱਖਣੀ ਅਫ਼ਰੀਕਾ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਅਤਿਵਾਦ ਬਰਦਾਸ਼ਤ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ। ਭਾਰਤੀ ਸਫ਼ਾਰਤਖਾਨੇ ਨੇ ਦੱਸਿਆ ਕਿ ਵਫ਼ਦ ਨੇ ਡੈਮੋਕਰੈਟਿਕ ਅਲਾਇੰਸ ਦੇ ਆਗੂ ਜੌਹਨ ਸਟੀਨਹੁਈਸੇਨ ਅਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਨੇ ਉਪ ਮੰਤਰੀ ਕੈਨੇਥ ਮੋਰੋਲੌਂਗ ਨਾਲ ਵੀ ਮੁਲਾਕਾਤ ਕੀਤੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਉਹ ਇਸ ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦੇ ਧਿਆਨ ’ਚ ਲਿਆਉਣਗੇ।
ਇੰਡੋਨੇਸ਼ਿਆਈ ਪਾਰਟੀ ਦੇ ਆਗੂਆਂ ਨੇ ਭਾਰਤ ਨੂੰ ਦਿੱਤੀ ਹਮਾਇਤ
ਜਕਾਰਤਾ: ਇੰਡੋਨੇਸ਼ੀਆ ਦੀ ਨੈਸ਼ਨਲ ਮੈਂਡੇਟ ਪਾਰਟੀ ਦੇ ਆਗੂਆਂ ਨੇ ਭਾਰਤੀ ਵਫ਼ਦ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਦੇ ਅਤਿਵਾਦ ਖ਼ਿਲਾਫ਼ ਸਟੈਂਡ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤੀ ਅਤਿਵਾਦ ਫੈਲਾਉਣ ਦੇ ਆਧਾਰ ਵਜੋਂ ਕੰਮ ਨਹੀਂ ਕਰ ਸਕਦੇ ਹਨ। ਵਫ਼ਦ ਨੇ ਐਡੀ ਸੋਇਪਾਰਨੋ, ਵੀਵਾ ਯੋਗਾ ਮਓਲਾਡੀ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ। ਨੈਸ਼ਨਲ ਮੈਂਡੇਟ ਪਾਰਟੀ ਦੇ ਆਗੂਆਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਅਫ਼ਸੋਸ ਜਤਾਇਆ। ਵਫ਼ਦ ਨੇ ਇੰਡੋਨੇਸ਼ੀਆ ’ਚ ਮਿੱਤਰ ਮੁਲਕਾਂ ਦੇ ਸਫ਼ੀਰਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਟਲੀ ’ਚ ਵਫ਼ਦ ਨੇ ਅਤਿਵਾਦ ਖ਼ਿਲਾਫ਼ ਭਾਰਤ ਦੇ ਪੱਖ ਨੂੰ ਰੱਖਿਆ
ਰੋਮ: ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਹੇਠਲੇ ਵਫ਼ਦ ਨੇ ਇਤਾਲਵੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਅਤਿਵਾਦ ਖ਼ਿਲਾਫ਼ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ। ਉਨ੍ਹਾਂ ਸਾਬਕਾ ਵਿਦੇਸ਼ ਮੰਤਰੀ ਗਿਓਲੀਓ ਤੇਰਜ਼ੀ ਨਾਲ ਮੁਲਾਕਾਤ ਕੀਤੀ ਜੋ ਭਾਰਤ-ਇਟਲੀ ਸੰਸਦੀ ਦੋਸਤੀ ਗਰੁੱਪ ਦੇ ਪ੍ਰਧਾਨ ਵੀ ਹਨ। ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ ਕਿ ਵਫ਼ਦ ਨੇ ਹਰ ਤਰ੍ਹਾਂ ਦੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦਾ ਮਜ਼ਬੂਤੀ ਨਾਲ ਪੱਖ ਪੇਸ਼ ਕੀਤਾ। ਦੋਵੇਂ ਮੁਲਕਾਂ ਨੇ ਭਾਰਤ-ਇਟਲੀ ਰਣਨੀਤਕ ਭਾਈਵਾਲੀ ਦੀ ਅਹਿਮੀਅਤ ’ਤੇ ਵੀ ਚਰਚਾ ਕੀਤੀ।
ਸੀਏਰਾ ਲਿਓਨ ਸੰਸਦ ’ਚ ਪਹਿਲਗਾਮ ਪੀੜਤਾਂ ਦੀ ਯਾਦ ’ਚ ਮੌਨ ਰੱਖਿਆ
ਫਰੀਟਾਊਨ (ਸੀਏਰਾ ਲਿਓਨ): ਸੀਏਰਾ ਲਿਓਨ ਦੀ ਸੰਸਦ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੀ ਯਾਦ ’ਚ ਅੱਜ ਮੌਨ ਰੱਖਿਆ। ਇਸ ਮੌਕੇ ਭਾਰਤ ਦਾ ਸਰਬ-ਪਾਰਟੀ ਵਫ਼ਦ ਵੀ ਮੌਜੂਦ ਸੀ। ਸ਼ਿਵ ਸੈਨਾ ਦੇ ਆਗੂ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲਾ ਵਫ਼ਦ ਬੁੱਧਵਾਰ ਨੂੰ ਕਾਂਗੋ ਤੋਂ ਸੀਏਰਾ ਲਿਓਨ ਪੁੱਜਿਆ ਸੀ। ਵਫ਼ਦ ਨੇ ਸੀਏਰਾ ਲਿਓਨ ਦੇ ਉਪ ਰੱਖਿਆ ਮੰਤਰੀ ਮੁਆਨਾ ਬ੍ਰਿਮਾ ਮਾਸਾਕੁਓਈ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਤਿਵਾਦ ਬਰਦਾਸ਼ਤ ਨਾ ਕਰਨ ਤੇ ਅਤਿਵਾਦ ਦੇ ਟਾਕਰੇ ਲਈ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।