ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ 26 ਨਿਹੱਥੇ ਸੈਲਾਨੀਆਂ ਨੂੰ ਮਰਨ ਉਪਰੰਤ ‘ਸ਼ਹੀਦ’ ਦਾ ਦਰਜਾ ਦੇਣ ਦੀ ਮੰਗ ਕਰਦੀ ਇਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ। ਹਾਈ ਕੋਰਟ ਵਿਚ ਪ੍ਰੈਕਟਿਸ ਕਰ ਰਹੇ ਵਕੀਲ ਆਯੂਸ਼ ਅਹੂਜਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿੱਚ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਜੀਵਨ ਭਰ ਦੀ ਸ਼ਰਧਾਂਜਲੀ ਵਜੋਂ ਅਧਿਕਾਰਤ ਤੌਰ ’ਤੇ ‘ਸ਼ਹੀਦ’ ਦਾ ਦਰਜਾ ਦੇਣ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਅਹੂਜਾ ਨੇ ਪੀੜਤਾਂ ਦੇ ਬੁੱਤ ਸਥਾਪਿਤ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ’ਤੇੇ ਸੁਨਹਿਰੀ ਅੱਖਰਾਂ ਵਿੱਚ ਉਨ੍ਹਾਂ ਦੇ ਨਾਮ ਲਿਖੇ ਹੋਣ। ਪਟੀਸ਼ਨਰ ਨੇ ਮਾਰੇ ਗਏ ਸੈਲਾਨੀਆਂ ਦੇ ਸਨਮਾਨ ਵਿਚ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਰਾਸ਼ਟਰੀ ਚੇਤਨਾ ਵਿੱਚ ਸ਼ਾਮਲ ਕਰਨ ਲਈ ਹਮਲੇ ਵਾਲੀ ਥਾਂ ਦਾ ਨਾਮ ‘ਯਾਦਗਾਰੀ ਸ਼ਹੀਦ/ਸ਼ਹੀਦ ਹਿੰਦੂ ਵੈਲੀ ਟੂਰਿਸਟ ਪਲੇਸ’ ਰੱਖਣ ਦੀ ਮੰਗ ਵੀ ਕੀਤੀ।
ਅਹੂਜਾ ਨੇ ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੈਲਾਨੀ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ ਜਦੋਂ ਅਣਪਛਾਤੇ ਦਹਿਸ਼ਤਗਰਦਾਂ ਨੇ ਧਰਮ ਦੇ ਆਧਾਰ ’ਤੇ ਉਨ੍ਹਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ। ਅਹੂਜਾ ਨੇ ਕਿਹਾ ਕਿ ਇਹ ਮਾਨਤਾ ਨਾ ਸਿਰਫ਼ ਦੁਖੀ ਪਰਿਵਾਰਾਂ ਨੂੰ ਦਿਲਾਸਾ ਦੇਵੇਗੀ, ਸਗੋਂ ਰਾਸ਼ਟਰ ਵੱਲੋਂ ਇੱਕ ਸਮੂਹਿਕ ਸ਼ਰਧਾਂਜਲੀ ਵਜੋਂ ਵੀ ਕੰਮ ਕਰੇਗੀ ਕਿਉਂਕਿ ਉਨ੍ਹਾਂ ਦੀ ਯਾਦ 140 ਕਰੋੜ ਭਾਰਤੀਆਂ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ।