ਦੁਬਈ : ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀ ਰਾਸ ਈਸਾ ਤੇਲ ਬੰਦਰਗਾਹ ਉੱਤੇ ਅਮਰੀਕਾ ਵੱਲੋਂ ਕੀਤੇ ਹਵਾਈ ਹਮਲਿਆਂ ਵਿਚ 20 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 50 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹੂਤੀ ਬਾਗ਼ੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਅਮਰੀਕੀ ਫੌਜ ਦੀ ‘ਸੈਂਟਰਲ ਕਮਾਂਡ’ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਵੱਲੋਂ 15 ਮਾਰਚ ਤੋਂ ਹੂਤੀ ਬਾਗ਼ੀਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਮਾਰੇ ਗਏ ਲੋਕਾਂ ਦਾ ਸਭ ਤੋਂ ਵੱਡਾ ਅੰਕੜਾ ਹੈ।
ਹੂਤੀ ਬਾਗ਼ੀਆਂ ਨੇ ਦੱਸਿਆ ਕਿ ਬੰਦਰਗਾਹ ਉੱਤੇ ਅਮਰੀਕੀ ਹਮਲੇ ਵਿਚ 20 ਲੋਕ ਮਾਰੇ ਗਏ ਤੇ 50 ਜ਼ਖ਼ਮੀ ਹੋ ਗਏ। ਹੂਤੀ ਬਾਗ਼ੀਆਂ ਦੇ ਨਿਊਜ਼ ਚੈਨਲ ਨੇ ਹਮਲੇ ਤੋਂ ਬਾਅਦ ਦੇ ਹਾਲਾਤ ਦਾ ਗ੍ਰਾਫਿਕ ਫੁਟੇਜ ਪ੍ਰਸਾਰਿਤ ਕੀਤਾ, ਜਿਸ ਵਿਚ ਹਮਲੇ ਵਾਲੀ ਥਾਂ ਲਾਸ਼ਾਂ ਖਿੰਡੀਆਂ ਨਜ਼ਰ ਆ ਰਹੀਆਂ ਹਨ।
ਅਮਰੀਕੀ ਫੌਜ ਦੀ ‘ਸੈਂਟਰਲ ਕਮਾਂਡ’ ਨੇ ਇਕ ਬਿਆਨ ਵਿਚ ਕਿਹਾ ਕਿ ‘ਅਮਰੀਕੀ ਫੌਜ ਨੇ ਇਰਾਨ ਹਮਾਇਤੀ ਹੂਤੀ ਅਤਿਵਾਦੀਆਂ ਲਈ ਈਂਧਣ ਦੇ ਇਸ ਸਰੋਤ ਨੂੰ ਖ਼ਤਮ ਕਰਨ ਤੇ ਉਨ੍ਹਾਂ ਨੂੰ ਗੈਰਕਾਨੂੰਨੀ ਮਾਲੀਏ ਤੋਂ ਵਿਹੂਣਾ ਕਰਨ ਲਈ ਇਹ ਕਾਰਵਾਈ ਕੀਤੀ, ਜੋ ਪੂਰੇ ਖੇਤਰ ਨੂੰ ਦਹਿਸ਼ਤਜ਼ਦਾ ਕਰਨ ਲਈ ਹੂਤੀ ਕੋਸ਼ਿਸ਼ਾਂ ਨੂੰ ਪਿਛਲੇ ਦਸ ਸਾਲਾਂ ਤੋਂ ਵਿੱਤੀ ਇਮਦਾਦ ਕਰ ਰਿਹਾ ਹੈ।
ਉੁਨ੍ਹਾਂ ਕਿਹਾ, ‘‘ਇਸ ਹਮਲੇ ਦਾ ਮਕਸਦ ਯਮਨ ਵਿਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਯਮਨ ਦੇ ਲੋਕ ਅਸਲ ਵਿਚ ਹੂਤੀ ਬਾਗ਼ੀਆਂ ਦੀ ਗੁਲਾਮੀ ਤੋਂ ਅਜ਼ਾਦੀ ਤੇ ਅਮਨ ਚਾਹੁੰਦੇ ਹਨ।’’