ਬੱਚਿਆਂ ਦਾ ਇਲਾਜ ਕਰਵਾਏ ਬਿਨਾਂ ਦਿੱਲੀ ਤੋਂ ਪਰਤਿਆ ਪਾਕਿਸਤਾਨੀ ਪਰਿਵਾਰ

ਬੱਚਿਆਂ ਦਾ ਇਲਾਜ ਕਰਵਾਏ ਬਿਨਾਂ ਦਿੱਲੀ ਤੋਂ ਪਰਤਿਆ ਪਾਕਿਸਤਾਨੀ ਪਰਿਵਾਰ

ਕਰਾਚੀ : ਆਪਣੇ ਦੋ ਨਾਬਾਲਗ ਬੱਚਿਆਂ ਦੇ ਇਲਾਜ ਲਈ ਨਵੀਂ ਦਿੱਲੀ ਆਏ ਪਾਕਿਸਤਾਨ ਦੇ ਪਰਿਵਾਰ ਨੂੰ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਸਰਕਾਰ ਦੇ ‘ਦੇਸ਼ ਛੱਡਣ’ ਦੇ ਹੁਕਮਾਂ ਤਹਿਤ ਸਰਜਰੀ ਦੀ ਪ੍ਰਕਿਰਿਆ ਅਧੂਰੀ ਛੱਡ ਕੇ ਸਿੰਧ ਦੇ ਹੈਦਰਾਬਾਦ ਸ਼ਹਿਰ ਪਰਤਣਾ ਪਿਆ। ਨੌਂ ਸਾਲ ਦੇ ਤਲਹਾ ਅਤੇ ਸੱਤ ਸਾਲ ਦੇ ਤਾਹਾ ਦੇ ਪਿਤਾ ਸ਼ਾਹਿਦ ਅਲੀ ਨੇ ਅੱਜ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਕਈ ਟੈਸਟ ਅਤੇ ਮੈਡੀਕਲ ਵੀਜ਼ਾ ਪ੍ਰਾਪਤ ਕਰਨ ਦੀ ਲੰਬੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਮਾਰਚ ਮਹੀਨੇ ਉਨ੍ਹਾਂ ਨਾਲ ਨਵੀਂ ਦਿੱਲੀ ਗਿਆ ਸੀ। ਉਸ ਦੇ ਦੋਵੇਂ ਪੁੱਤਰਾਂ ਨੂੰ ਜਲਦੀ ਤੋਂ ਜਲਦੀ ਜ਼ਿੰਦਗੀ ਬਚਾਉਣ ਵਾਲੇ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਪਹਿਲਗਾਮ ਘਟਨਾ ਮਗਰੋਂ ਸਥਿਤੀ ਬਦਲ ਗਈ ਅਤੇ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਸਾਡੀ ਅਪੀਲ ਨੂੰ ਠੀਕ ਢੰਗ ਨਾਲ ਸੁਣਿਆ ਜਾਵੇ।’’ ਉਸਨੇ ਕਿਹਾ, ‘‘ਅਸੀਂ ਬਹੁਤ ਸਾਰਾ ਪੈਸਾ ਖਰਚ ਕੀਤਾ, ਪਰ ਇਹ ਮੁੱਦਾ ਨਹੀਂ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਦਿੱਲੀ ਦੇ ਡਾਕਟਰਾਂ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ।’’ ਅਲੀ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੇ ਦੋਵੇਂ ਪੁੱਤਰਾਂ ਲਈ ਕਿਸੇ ਹੋਰ ਦੇਸ਼ ਵਿੱਚ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਸੋਮਵਾਰ ਨੂੰ ਇੱਕ ਹੋਰ ਪਾਕਿਸਤਾਨੀ ਨੌਜਵਾਨ ਅਯਾਨ ਵੀ ਆਪਣੇ ਪਰਿਵਾਰ ਨਾਲ ਨਵੀਂ ਦਿੱਲੀ ਤੋਂ ਪਰਤ ਆਇਆ। ਉਸ ਦੀ ਸਾਲ ਪੁਰਾਣੀ ਬਿਮਾਰੀ ਦਾ ਇਲਾਜ ਪੂਰਾ ਨਹੀਂ ਹੋ ਸਕਿਆ। ਪੁਲੀਸ ਨੇ ਅਯਾਨ ਨੂੰ ਗਲਤਫਹਿਮੀ ਵਿੱਚ ਗੋਲੀ ਮਾਰ ਦਿੱਤੀ ਸੀ ਅਤੇ ਉਸਦੇ ਸਰੀਰ ਦੇ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਸੀ। ਭਾਰਤ ਨੇ ਪਾਕਿਸਤਾਨੀਆਂ ਨੂੰ 28 ਅਪਰੈਲ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ।

Share: