ਰੋਮ : ਆਮ ਲੋਕ ਭਲਕੇ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਸੇਂਟ ਪੀਟਰਜ਼ ਬੇਸਿਲਿਕਾ (St. Peter’s Basilica) ਵਿੱਚ ਪੋਪ ਫਰਾਂਸਿਸ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰ ਸਕਣਗੇ। ਇਹ ਗੱਲ ਵੈਟੀਕਨ ਨੇ ਇੱਕ ਬਿਆਨ ਵਿੱਚ ਕਹੀ ਹੈ।
ਗ਼ੌਰਤਲਬ ਹੈ ਕਿ ਕੈਥੋਲਿਕ ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਦੇ ਅਹੁਦੇ ਉਤੇ ਬਿਰਾਜਮਾਨ ਪੋਪ ਫਰਾਂਸਿਸ (Pope Francis) ਦਾ ਸੋਮਵਾਰ ਨੂੰ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੇਹ ਸਨਮਾਨ ਤੇ ਸਤਿਕਾਰ ਸਹਿਤ ਉਨ੍ਹਾਂ ਦੇ ਤਾਬੂਤ ਦੇ ਅੰਦਰ ਰੱਖੀ ਜਾਵੇਗੀ। ਕੈਥੋਲਿਕ ਸ਼ਰਧਾਲੂ ਅਤੇ ਆਮ ਲੋਕ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11:00 ਵਜੇ (ਕੌਮਾਂਤਰੀ ਸਮੇਂ ਮੁਤਾਬਕ 0900 GMT) ਤੋਂ ਅੱਧੀ ਰਾਤ, ਵੀਰਵਾਰ ਨੂੰ ਸਵੇਰੇ 7:00 ਵਜੇ ਤੋਂ ਅੱਧੀ ਰਾਤ ਅਤੇ ਸ਼ੁੱਕਰਵਾਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 7:00 ਵਜੇ ਤੱਕ ਪੋਪ ਦੇ ਅੰਤਿਮ ਦਰਸ਼ਨ ਕਰ ਸਕਣਗੇ।