ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ’ਤੇ ਆਰਜ਼ੀ ਰੋਕ ਲਾਈ

ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ’ਤੇ ਆਰਜ਼ੀ ਰੋਕ ਲਾਈ

ਨਿਊ ਯਾਰਕ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ ਵਿਦਿਆਰਥੀ, ਜਿਸ ਦਾ ਐਫ-1 ਵੀਜ਼ਾ ਰੱਦ ਕਰ ਦਿੱਤਾ ਗਿਆ ਸੀ, ਨੂੰ ਡਿਪੋਰਟ ਕੀਤੇ ਜਾਣ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ ਹੈ। ਕ੍ਰਿਸ਼ ਲਾਲ ਈਸਰਦਾਸਾਨੀ 2021 ਤੋਂ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਤੋਂ F-1 ਵਿਦਿਆਰਥੀ ਵੀਜ਼ਾ ਉੱਤੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਕਰ ਰਿਹਾ ਸੀ।

ਇਸ ਖ਼ਬਰ ਏਜੰਸੀ ਵੱਲੋਂ ਘੋਖੇ ਗਏ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪੂਰੇ ਸਮੇਂ ਦਾ ਦਾਖਲਾ ਅਤੇ ਚੰਗੀ ਅਕਾਦਮਿਕ ਸਥਿਤੀ ਬਣਾਈ ਰੱਖਣ ਤੋਂ ਬਾਅਦ, ਇਸਰਦਾਸਾਨੀ ਹੁਣ ਆਪਣੇ ਆਖਰੀ ਸਾਲ ਦੇ ਫਾਈਨਲ ਸਮੈਸਟਰ ਵਿੱਚ ਹੈ ਅਤੇ 10 ਮਈ, 2025 ਨੂੰ ਗਰੈਜੂਏਸ਼ਨ ਮੁਕੰਮਲ ਹੋਣ ਨੂੰ 30 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਹੈ।

ਪੱਛਮੀ ਜ਼ਿਲ੍ਹੇ ਵਿਸਕਾਨਸਿਨ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਵਿੱਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਇਸਰਦਾਸਾਨੀ ਨੇ ਮੰਨਿਆ ਕਿ ਉਸ ਨੂੰ 22 ਨਵੰਬਰ, 2024 ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸ ਦੀ ਅਤੇ ਉਹਦੇ ਦੋਸਤਾਂ ਦੀ ਦੇਰ ਰਾਤ ਇੱਕ ਬਾਰ ਤੋਂ ਘਰ ਜਾਂਦੇ ਸਮੇਂ ਇੱਕ ਹੋਰ ਸਮੂਹ ਨਾਲ ਜ਼ੁਬਾਨੀ ਬਹਿਸ ਹੋ ਗਈ ਸੀ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਈਸਰਦਾਸਾਨੀ ਨੂੰ ਮਾੜੇ ਵਿਵਹਾਰ ਲਈ ਗ੍ਰਿਫਤਾਰ ਕੀਤਾ ਗਿਆ ਸੀ, ਪਰ ਜ਼ਿਲ੍ਹਾ ਅਟਾਰਨੀ ਨੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਦੋਸ਼ਾਂ ਦੀ ਪੈਰਵੀ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ, ਈਸਰਦਾਸਾਨੀ ਨੂੰ ਕਦੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਣਾ ਪਿਆ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ।

ਹਾਲਾਂਕਿ, 4 ਅਪਰੈਲ, 2025 ਨੂੰ, ਯੂਨੀਵਰਸਿਟੀ ਆਫ਼ ਵਿਸਕਾਨਸਿਨ-ਮੈਡੀਸਨ ਦੇ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ (ISS) ਦਫ਼ਤਰ ਨੇ ਇਸਰਦਾਸਾਨੀ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਕਿ ਉਸ ਦਾ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਸਿਸਟਮ (SEVIS) ਰਿਕਾਰਡ ਖਤਮ ਕਰ ਦਿੱਤਾ ਗਿਆ ਹੈ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਈਸਰਦਾਸਾਨੀ ਨੂੰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ, ਯੂਨੀਵਰਸਿਟੀ, ਜਾਂ ਵਿਦੇਸ਼ ਵਿਭਾਗ ਵੱਲੋਂ ਉਸ ਦਾ ਵੀਜ਼ਾ ਰੱਦ ਕਰਨ ਸਬੰਧੀ ਕੋਈ ਚਿੱਠੀ ਪੱਤਰ ਨਹੀਂ ਮਿਲਿਆ। ਇਸ ਵਿਚ ਕਿਹਾ ਗਿਆ, ‘‘ਉਸ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ, ਆਪਣਾ ਪੱਖ ਰੱਖਣ ਜਾਂ ਬਚਾਅ ਕਰਨ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ, ਅਤੇ SEVIS ਵਿੱਚ ਉਸਦੇ F-1 ਵਿਦਿਆਰਥੀ ਵੀਜ਼ਾ ਰਿਕਾਰਡ ਨੂੰ ਖਤਮ ਕਰਨ ਤੋਂ ਪਹਿਲਾਂ ਕਿਸੇ ਵੀ ਸੰਭਾਵੀ ਗਲਤਫਹਿਮੀ ਨੂੰ ਸੁਧਾਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ।’’

ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਰਖਾਸਤਗੀ ਦੇ ਨਤੀਜੇ ਵਜੋਂ, ਇਸਰਦਾਸਾਨੀ ਨੂੰ ਆਪਣੀ ਡਿਗਰੀ ਪੂਰੀ ਕਰਨ ਅਤੇ ਉਸ ਦੇ F-1 ਵਿਦਿਆਰਥੀ ਵੀਜ਼ਾ ਦੁਆਰਾ ਅਧਿਕਾਰਤ ਕੰਮ ਦਾ ਤਜਰਬਾ ਪ੍ਰਾਪਤ ਕਰਨ ਲਈ ਵਿਕਲਪਿਕ ਪ੍ਰੈਕਟੀਕਲ ਸਿਖਲਾਈ (OPT) ਲਈ ਅਰਜ਼ੀ ਦੇਣ ਤੋਂ ਰੋਕਿਆ ਜਾਵੇਗਾ। F1 ਵੀਜ਼ਾ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਕਿਸੇ ਅਮਰੀਕੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਅਕਾਦਮਿਕ ਪ੍ਰੋਗਰਾਮ ਜਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਕੋਰਟ ਵੱਲੋਂ ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 28 ਅਪਰੈਲ ਨੂੰ ਕੀਤੀ ਜਾਵੇਗੀ।

Share: