ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਅੱਜ ਰੁਜ਼ਗਾਰ ਦੀ ਮੰਗ ਲਈ ਬੇਰੁਜ਼ਗਾਰ ਪੀਟੀਆਈ ਅਧਿਆਪਕ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਵੀਂ ਬੇਰੁਜ਼ਗਾਰ (2000) ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਅਸਾਮੀਆਂ ਦਾ ਪੋਰਟਲ ਆਨਲਾਈਨ ਕਰ ਕੇ ਫਾਰਮ ਨਾ ਭਰਾਉਣ ਤੋਂ ਖਫ਼ਾ ਹਨ। ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਪੁੱਜੇ। ਇਨ੍ਹਾਂ ’ਚੋ ਦੋ ਅਧਿਆਪਕ ਗੋਬਿੰਦ ਸਿੰਘ ਜਖੇਪਲ ਤੇ ਅੰਗਰੇਜ਼ ਸਿੰਘ ਸੈਦੇਵਾਲਾ ਪਿੰਡ ਦੀ ਅਨਾਜ ਮੰਡੀ ਨਜ਼ਦੀਕ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਤੇ ਉਨ੍ਹਾਂ ਦੇ ਸਾਥੀਆਂ ਨੇ ਟੈਂਕੀ ਹੇਠਾਂ ਸਰਕਾਰ ਖ਼ਿਲਾਫ਼ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 16 ਦਸੰਬਰ 2021 ਨੂੰ ਦੋ ਹਜ਼ਾਰ ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਗਈ। ਉਹ ਅਸਾਮੀਆਂ ਦਾ ਪੋਰਟਲ ਆਨਲਾਈਨ ਕਰ ਕੇ ਫਾਰਮ ਅਪਲਾਈ ਕਰਾਉਣ ਦੀ ਮੰਗ ਕਰ ਰਹੇ ਹਨ। ਦੁਪਹਿਰ 12 ਤੋਂ ਸ਼ਾਮ 6 ਵਜ਼ੇ ਤੱਕ ਦੋ ਬੇਰੁਜ਼ਗਾਰ ਪੀਟੀਆਈ ਅਧਿਆਪਕ ਟੈਂਕੀ ਉੱਪਰ ਡਟੇ ਰਹੇ। ਪੁਲੀਸ, ਪੰਚਾਇਤ ਦੇ ਨੁਮਾਇੰਦੇ, ਥਾਣਾ ਧਰਮਗੜ੍ਹ ਦੇ ਐੱਸਐੱਚਓ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਧਿਆਪਕਾਂ ਦੀ 30 ਅਪਰੈਲ ਨੂੰ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦੇ ਧਰਨਾ ਸਮਾਪਤ ਕਰਵਾਇਆ।
Posted inNews