ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਤੋਂ ਦਿੱਲੀ ਜਾ ਰਹੀ ਉਡਾਣ ਜੈਪੁਰ ਡਾਈਵਰਟ ਕੀਤੇ ਜਾਣ ਤੇ ਇਸ ਦੌਰਾਨ ਹੋਈ ਪ੍ਰੇਸ਼ਾਨੀ ਲਈ ਦਿੱਲੀ ਹਵਾਈ ਅੱਡੇ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਸ੍ਰੀਨਗਰ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਉਡਾਣ, ਜਿਸ ਵਿਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਵਾਰ ਸਨ, ਐਤਵਾਰ ਤੜਕੇ ਕੌਮੀ ਰਾਜਧਾਨੀ ਵਿਚ ਉਤਰੀ। ਇਸ ਉਡਾਣ ਨੂੰ ਸ਼ਨਿੱਚਰਵਾਰ ਰਾਤੀਂ ਜੈਪੁਰ ਵੱਲ ਮੋੜ ਦਿੱਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਉਡਾਣ ਐਤਵਾਰ ਵੱਡੇ ਤੜਕੇ 2:00 ਵਜੇ ਦੇ ਕਰੀਬ ਜੈਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਨੁਸਾਰ, ਉਡਾਣ ਸਵੇਰੇ 3:00 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੀ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ ’ਤੇ ਇਕ ਪੋਸਟ ਵਿਚ ਦਿੱਲੀ ਹਵਾਈ ਅੱਡੇ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਕਿਹਾ, ‘‘ਜੇਕਰ ਕੋਈ ਸੋਚ ਰਿਹਾ ਹੈ, ਤਾਂ ਮੈਂ ਸਵੇਰੇ 3:00 ਵਜੇ ਦਿੱਲੀ ਪਹੁੰਚਿਆ ਹਾਂ।’’
ਉਮਰ ਨੇ ਸ੍ਰੀਨਗਰ ਤੋਂ ਦਿੱਲੀ ਦੇ ਸਫ਼ਰ ਦੌਰਾਨ ਹੋਈ ਇਸ ਪ੍ਰੇਸ਼ਾਨੀ ਲਈ ਆਪਣੀ ਨਿਰਾਸ਼ਾ ਜ਼ਾਹਿਰ ਕਰਦਿਆਂ ਐਕਸ ’ਤੇ ਕਿਹਾ, ‘‘ਦਿੱਲੀ ਹਵਾਈ ਅੱਡੇ ’ਤੇ ਇਹ ਕੀ ਬਕਵਾਸ ਹੈ (ਮੇਰੀ ਫ੍ਰੈਂਚ ਲਈ ਮੁਆਫ਼ ਕਰਨਾ, ਪਰ ਮੈਂ ਨਿਮਰਤਾ ਨਾਲ ਬੋਲਣ ਦੇ ਰੌਂਅ ਵਿੱਚ ਨਹੀਂ ਹਾਂ)। ਜੰਮੂ ਛੱਡਣ ਤੋਂ 3 ਘੰਟੇ ਬਾਅਦ ਹਵਾ ਵਿੱਚ ਰਹਿਣ ਮਗਰੋਂ ਸਾਨੂੰ ਜੈਪੁਰ ਭੇਜਿਆ ਜਾਂਦਾ ਹੈ ਅਤੇ ਇਸ ਲਈ ਮੈਂ ਤੜਕੇ 1 ਵਜੇ ਜਹਾਜ਼ ਦੀਆਂ ਪੌੜੀਆਂ ’ਤੇ ਕੁਝ ਤਾਜ਼ੀ ਹਵਾ ਲੈਣ ਲਈ ਹਾਂ। ਮੈਨੂੰ ਨਹੀਂ ਪਤਾ ਕਿ ਅਸੀਂ ਇੱਥੋਂ ਕਿੰਨੇ ਵਜੇ ਰਵਾਨਾ ਹੋਵਾਂਗੇ।’’ ਅਬਦੁੱਲਾ ਨੇ ਇਸ ਪੋਸਟ ਨਾਲ ਆਪਣੀ ਇਕ ਸੈਲਫੀ ਦੀ ਸਾਂਝੀ ਕੀਤੀ, ਜਿੱਥੇ ਵਿਚ ਉਹ ਜਹਾਜ਼ ਤੋਂ ਉਤਰਨ ਮੌਕੇ ਪੌੜੀਆਂ ’ਤੇ ਖੜ੍ਹ ਕੇ ਤਾਜ਼ੀ ਹਵਾ ਲੈ ਰਹੇ ਹਨ।
ਉਧਰ ਇੰਡੀਗੋ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜੰਮੂ ਹਵਾਈ ਅੱਡੇ ’ਤੇ ਵੀ ਹਫੜਾ-ਦਫੜੀ ਵਾਲੇ ਦ੍ਰਿਸ਼ ਦੇਖਣ ਨੂੰ ਮਿਲੇ ਜਦੋਂ ਸੈਂਕੜੇ ਯਾਤਰੀਆਂ ਨੇ ਉਡਾਣ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਅਸੁਵਿਧਾ ਦੀ ਸ਼ਿਕਾਇਤ ਕੀਤੀ। ਸ੍ਰੀਨਗਰ ਵਿੱਚ ਖਰਾਬ ਮੌਸਮ ਕਾਰਨ ਉਡਾਣਾਂ ਵਿੱਚ ਵਿਘਨ ਪਿਆ, ਜਿਸ ਨਾਲ ਕਈ ਕੁਨੈਕਟਿੰਗ ਉਡਾਣਾਂ ਪ੍ਰਭਾਵਿਤ ਹੋਈਆਂ।