ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ’ਤੇ ਈਸਟਰ ਜੰਗਬੰਦੀ ਦੇ ਨਾਂ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰੂਸ ਨੇ ਇਸ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ ਹਨ ਜਦਕਿ ਰੂਸ ਦੇ ਰਾਸ਼ਟਰਪਤੀ ਨੇ ਈਸਟਰ ਮੌਕੇ ਝੂਠੀ ਦਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਯੂਕਰੇਨ ਵਿਚ ਇਕਪਾਸੜ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਬਾਅਦ ਮਾਸਕੋ ਨੇ ਸਾਰੀ ਰਾਤ ਹਮਲੇ ਜਾਰੀ ਰੱਖੇ। ਜ਼ੇਲੈਂਸਕੀ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਰੂਸੀ ਫੌਜ ਜੰਗਬੰਦੀ ਦਾ ਆਮ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਪਰ ਉਹ ਅਜਿਹਾ ਨਹੀਂ ਕਰ ਰਿਹਾ। ਇਸ ਤੋਂ ਇਕ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਈਸਟਰ ਜੰਗਬੰਦੀ ਦਾ ਐਲਾਨ ਕੀਤਾ ਸੀ। ਉਨ੍ਹਾਂ ਜੰਗਬੰਦੀ ਦਾ ਐਲਾਨ ਕਰਦਿਆਂ ਕੀਵ ਨੂੰ ਵੀ ਇਸ ਬਾਰੇ ਜਵਾਬ ਦੇਣ ਲਈ ਕਿਹਾ ਸੀ। ਪੂਤਿਨ ਨੇ ਇਹ ਐਲਾਨ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਗੇਰਾਸਿਮੋਵ ਨਾਲ ਮੀਟਿੰਗ ਤੋਂ ਬਾਅਦ ਕੀਤਾ। ਇਹ ਜਾਣਕਾਰੀ ਕਰੈਮਲਿਨ ਨੇ ਸਾਂਝੀ ਕਰਦਿਆਂ ਦੱਸਿਆ ਇਹ ਜੰਗਬੰਦੀ ਮਾਸਕੋ ਦੇ ਸਮੇਂ ਅਨੁਸਾਰ ਸ਼ਾਮ ਛੇ ਵਜੇ ਤੇ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਤੋਂ ਸੰਡੇ ਈਸਟਰ ਤਕ ਰਾਤ ਵੇਲੇ ਤੇ ਭਾਰਤੀ ਸਮੇਂ ਅਨੁਸਾਰ ਅਗਲੇ ਦਿਨ ਢਾਈ ਵਜੇ ਤਕ ਲਾਗੂ ਰਹੇਗੀ। ਇਸ ਤੋਂ ਤੁਰੰਤ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਈਸਟਰ ਜੰਗਬੰਦੀ ਦੇ ਐਲਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੀਵ 30 ਦਿਨਾਂ ਦੀ ਜੰਗਬੰਦੀ ਦੀ ਪਾਲਣਾ ਕਰਨ ਦੇ ਆਪਣੇ ਮੂਲ ਸਮਝੌਤੇ ’ਤੇ ਅੱਜ ਵੀ ਕਾਇਮ ਹੈ। ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਸੀ, ‘ਯੂਕਰੇਨ ਦੀ ਸਥਿਤੀ ਸਪਸ਼ਟ ਅਤੇ ਇਕਸਾਰ ਰਹਿੰਦੀ ਹੈ, ਪਿਛਲੀ ਵਾਰ 11 ਮਾਰਚ ਨੂੰ ਜੇਦਾਹ ਵਿੱਚ ਅਸੀਂ ਬਿਨਾਂ ਸ਼ਰਤ ਅਮਰੀਕਾ ਦੇ 30 ਦਿਨਾਂ ਲਈ ਪੂਰੀ ਜੰਗਬੰਦੀ ਦੇ ਪ੍ਰਸਤਾਵ ਨੂੰ ਬਿਨਾਂ ਸ਼ਰਤ ਸਵੀਕਾਰ ਕੀਤਾ ਸੀ ਪਰ ਹੁਣ ਪੂਤਿਨ ਨੇ 30 ਦਿਨਾਂ ਦੀ ਬਜਾਏ 30 ਘੰਟੇ ਜੰਗਬੰਦੀ ਲਈ ਆਪਣੀ ਤਿਆਰੀ ਬਾਰੇ ਬਿਆਨ ਦਿੱਤੇ ਹਨ। ਰੂਸ ਕਿਸੇ ਵੀ ਸਮੇਂ ਪੂਰੀ ਅਤੇ ਬਿਨਾਂ ਸ਼ਰਤ 30 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਲਈ ਸਹਿਮਤ ਹੋ ਸਕਦਾ ਹੈ ਜੋ ਮਾਰਚ ਤੋਂ ਮੇਜ਼ ’ਤੇ ਹੈ…. ਅਸੀਂ ਜਾਣਦੇ ਹਾਂ ਕਿ ਉਸ ਦੇ ਸ਼ਬਦਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਸ਼ਬਦਾਂ ਦੀ ਨਹੀਂ ਕਾਰਵਾਈਆਂ ਨੂੰ ਦੇਖਾਂਗੇ।’