ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਯੂਕੇ ਵਿਚ ਉਨ੍ਹਾਂ ਆਪਣਾ ਅਗਾਮੀ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਨੇ 4, 5 ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ ‘ਦਿ ਬਾਲੀਵੁੱਡ ਬਿਗ ਵਨ’ ਸ਼ੋਅ ਦੇ ਹਿੱਸੇ ਵਜੋਂ ਮਾਧੁਰੀ ਦੀਕਸ਼ਿਤ ਨੇਨੇ, ਟਾਈਗਰ ਸ਼ਰਾਫ, ਵਰੁਣ ਧਵਨ, ਕ੍ਰਿਤੀ ਸੈਨਨ, ਸਾਰਾ ਅਲੀ ਖਾਨ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪਾਲ ਦੇ ਨਾਲ ਪ੍ਰਦਰਸ਼ਨ ਕਰਨਾ ਸੀ।
ਇੰਸਟਾਗ੍ਰਾਮ ’ਤੇ ਇਕ ਬਿਆਨ ਵਿਚ ਸਲਮਾਨ ਖਾਨ ਨੇ ਕਿਹਾ ਕਿ ਉਸ ਨੇ ਅਤੇ ਉਸ ਦੀ ਟੀਮ ਨੇ ਇਹ ਫੈਸਲਾ ਲਿਆ, ਕਿਉਂਕਿ ਦੁੱਖ ਦੇ ਇਸ ਸਮੇਂ ਦੌਰਾਨ ਰੁਕਣਾ ਸਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ, “ਇਸ ਨਾਲ ਹੋਣ ਵਾਲੀ ਕਿਸੇ ਵੀ ਨਿਰਾਸ਼ਾ ਜਾਂ ਅਸੁਵਿਧਾ ਲਈ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ ਅਤੇ ਤੁਹਾਡੀ ਸਮਝ ਅਤੇ ਸਹਿਯੋਗ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਸ਼ੋਅ ਲਈ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।’’ ਸਲਮਾਨ ਖਾਨ ਨੇ ਹਮਲੇ ਦੀ ਨਿੰਦਾ ਕਰਿਦਆਂ ਲਿਖਿਆ, ‘‘ਕਸ਼ਮੀਰ, ਧਰਤੀ ਦਾ ਸਵਰਗ ਨਰਕ ਵਿਚ ਬਦਲ ਰਿਹਾ ਹੈ। ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਮੇਰਾ ਦਿਲ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਦੁਖੀ ਹੈ। ਇਕ ਬੇਕਸੂਰ ਵਿਅਕਤੀ ਨੂੰ ਵੀ ਮਾਰਨਾ ਪੂਰੇ ਬ੍ਰਹਿਮੰਡ ਨੂੰ ਮਾਰਨ ਦੇ ਬਰਾਬਰ ਹੈ।’